ਪੱਤਰ ਪ੍ਰੇਰਕ
ਮਾਛੀਵਾੜਾ, 5 ਨਵੰਬਰ
ਇਥੋਂ ਦੀ ਅਨਾਜ ਮੰਡੀ ’ਚ 27 ਸਤੰਬਰ ਨੂੰ ਸ਼ੁਰੂ ਹੋਈ ਝੋਨੇ ਦੀ ਖਰੀਦ ਤੋਂ ਹੁਣ ਤੱਕ ਪੰਜਾਬ ਦੀਆਂ ਏਜੰਸੀਆਂ ਪਨਗਰੇਨ, ਮਾਰਕਫੈੱਡ, ਵੇਅਰ ਹਾਊਸ ਵਲੋਂ ਖਰੀਦ ਕੀਤੀ ਜਾ ਰਹੀ ਸੀ ਪਰ ਅੱਜ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਨਿਰਦੇਸ਼ ਦੇ ਦਿੱਤੇ ਕਿ 6 ਨਵੰਬਰ ਤੋਂ ਕੇਵਲ ਐੱਫ.ਸੀ.ਆਈ. ਖਰੀਦ ਕਰੇਗੀ ਜਦਕਿ ਬਾਕੀ ਏਜੰਸੀਆਂ ਨੂੰ ਪਿੱਛੇ ਹਟਾ ਦਿੱਤਾ ਗਿਆ ਹੈ। ਮਾਛੀਵਾੜਾ ਅਨਾਜ ਮੰਡੀ ਤੇ ਉਪ ਖਰੀਦ ਕੇਂਦਰਾਂ ’ਚ ਐੱਫ.ਸੀ.ਆਈ. ਵਲੋਂ ਖਰੀਦ ਕਰਨ ਤੋਂ ਬਾਅਦ ਆੜ੍ਹਤੀਆਂ ਨੇ ਇਸ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਲਿਖਤੀ ਰੂਪ ’ਚ ਅਧਿਕਾਰੀਆਂ ਨੂੰ ਪੱਤਰ ਦਿੱਤਾ ਹੈ ਕਿ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਐੱਫ.ਸੀ.ਆਈ. ਨੇ ਜੋ ਫਸਲ ਖਰੀਦੀ ਉਸ ਦਾ ਕਰੀਬ 19 ਲੱਖ ਰੁਪਏ ਏਜੰਸੀ ਵੱਲ ਕਮਿਸ਼ਨ, ਲੇਬਰ ਬਕਾਇਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਆਗੂ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਮਤਾ ਪਾਸ ਕੀਤਾ ਹੈ ਕਿ ਜਦੋਂ ਤੱਕ ਐੱਫ.ਸੀ.ਆਈ. ਉਨ੍ਹਾਂ ਦਾ 19 ਲੱਖ ਰੁਪਏ ਬਕਾਇਆ ਨਹੀਂ ਦਿੰਦੀ ਉਦੋਂ ਤੱਕ ਇਸ ਏਜੰਸੀ ਨੂੰ ਫਸਲ ਖਰੀਦ ਨਹੀਂ ਕਰਨ ਦੇਣਗੇ। ਮਾਛੀਵਾੜਾ ਅਨਾਜ ਮੰਡੀ ’ਚ 4 ਨਵੰਬਰ ਤੱਕ 11 ਲੱਖ ਕੁਇੰਟਲ ਝੋਨੇ ਦੀ ਫਸਲ ਖਰੀਦੀ ਜਾ ਚੁੱਕੀ ਹੈ ਅਤੇ 90 ਫੀਸਦੀ ਖਰੀਦ ਦਾ ਕੰਮ ਨਿਪਟ ਚੁੱਕਾ ਹੈ
ਐੱਫ.ਸੀ.ਆਈ. ਕੋਲ ਖਰੀਦ ਲਈ ਬਾਰਦਾਨਾ ਹੀ ਨਹੀਂ
ਮਾਛੀਵਾੜਾ ਅਨਾਜ ਮੰਡੀ ਤੇ ਉਪ ਖਰੀਦ ਕੇਂਦਰਾਂ ’ਚ ਬੇਸ਼ੱਕ ਐੱਫ.ਸੀ.ਆਈ. ਏਜੰਸੀ ਨੂੰ ਝੋਨੇ ਦੀ ਖਰੀਦ ਦਾ ਕੰਮ ਸੌਂਪ ਦਿੱਤਾ ਹੈ ਪਰ ਜਾਣਕਾਰੀ ਅਨੁਸਾਰ ਇਸ ਏਜੰਸੀ ਕੋਲ ਅਜੇ ਤੱਕ ਬਾਰਦਾਨਾ ਹੀ ਨਹੀਂ ਪੁੱਜਿਆ। ਇਸ ਸਬੰਧੀ ਐੱਫ.ਸੀ.ਆਈ. ਦੇ ਏ.ਐੱਮ. ਮਰਤਿੰਜੇ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਖਰੀਦ ਕਰਨ ਦੇ ਨਿਰਦੇਸ਼ ਆ ਚੁੱਕੇ ਹਨ ਪਰ ਅਜੇ ਬਾਰਦਾਨਾ ਨਹੀਂ ਆਇਆ।