ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 30 ਜੂਨ
ਭਾਕਿਯੂ (ਡਕੌਂਦਾ-ਬੁਰਜਗਿੱਲ) ਜਥੇਬੰਦੀ ਵੱਲੋਂ ਬਲਾਕ ਰਾਏਕੋਟ ਦੇ ਸਿਰਕੱਢ ਆਗੂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਸਿਆਸੀ ਸ਼ਹਿ ’ਤੇ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਲੈ ਕੇ ਉਪ ਪੁਲੀਸ ਕਪਤਾਨ ਰਾਏਕੋਟ ਅਤੇ ਥਾਣਾ ਸਦਰ ਰਾਏਕੋਟ ਪੁਲੀਸ ਖ਼ਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ, ਸੱਤਾਧਾਰੀ ਧਿਰ ਨਾਲ ਸਬੰਧਿਤ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਕਿਯੂ (ਡਕੌਂਦਾ-ਬੁਰਜਗਿੱਲ) ਦਾ ਸਾਥ ਦੇਣ ਲਈ ਰਾਜੇਵਾਲ, ਲੱਖੋਵਾਲ, ਕਾਦੀਆਂ ਅਤੇ ਦੋਆਬਾ ਜਥੇਬੰਦੀ ਦੇ ਅਗਲੀ ਕਤਾਰ ਦੇ ਚੋਣਵੇਂ ਆਗੂ ਵੀ ਸ਼ਾਮਲ ਹੋਏ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਭਾਕਿਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਰੂਪਾਪੱਤੀ, ਭਾਕਿਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ, ਭਾਕਿਯੂ ਡਕੌਂਦਾ ਦੇ ਜਗਰਾਉਂ ਬਲਾਕ ਦੇ ਪ੍ਰਧਾਨ ਹਰਚੰਦ ਸਿੰਘ ਢੋਲਣ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬਖ਼ਸ਼ੀਸ਼ ਸਿੰਘ ਚੱਕ ਭਾਈ ਕਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਸਿਆਸੀ ਸ਼ਹਿ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਗੂ ਖ਼ਿਲਾਫ਼ ਨਾ ਕੋਈ ਸਬੂਤ ਹੈ ਅਤੇ ਨਾ ਕੋਈ ਗਵਾਹ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਥਾਣਾ ਸਦਰ ਦੇ ਮੁਖੀ ਹਰਦੀਪ ਸਿੰਘ ਵੱਲੋਂ ਐੱਸਐੱਸਪੀ ਨਾਲ ਮੀਟਿੰਗ ਤੋਂ ਬਾਅਦ ਕੇਸ ਖ਼ਾਰਜ ਕਰਨ ਦਾ ਭਰੋਸਾ ਮਿਲਣ ’ਤੇ ਧਰਨਾ ਮੁਲਤਵੀ ਕਰ ਦਿੱਤਾ। ਉੱਧਰ ਜੌਹਲਾਂ ਰੋਡ ਵਾਸੀ ਕਿਸਾਨ ਜਗਰੂਪ ਸਿੰਘ ਨੇ ਦੇਰ ਨਾਲ ਇਨਸਾਫ਼ ਦੇਣ ਦਾ ਠੀਕਰਾ ਪੁਲੀਸ ਸਿਰ ਭੰਨਿਆ ਹੈ। ਉਸ ਨੇ ਕਿਹਾ ਕਿ ਪਿਛਲੇ ਸਾਲ 23 ਦਸੰਬਰ ਦੀ ਘਟਨਾ ਬਾਰੇ ਸ਼ਿਕਾਇਤ ’ਤੇ ਛੇ ਮਹੀਨੇ ਅਫ਼ਸਰਾਂ ਦੀ ਜਾਂਚ ਦੇ ਨਾਂ ’ਤੇ ਉਸ ਦੀ ਖ਼ੁਆਰੀ ਬਾਅਦ ਹੁਣ ਜਾ ਕੇ ਕੇਸ ਦਰਜ ਹੋਇਆ ਹੈ। ਜਦਕਿ ਮੋਟਰ ਦੇ ਪਾਣੀ ਬਿਨਾਂ ਉਸ ਦੀਆਂ ਦੋ ਫ਼ਸਲਾਂ ਬਰਬਾਦ ਹੋ ਗਈਆਂ। ਕਿਸਾਨ ਜਗਰੂਪ ਸਿੰਘ ਨੇ ਕਿਹਾ ਕਿ ਕਿਸਾਨ ਆਗੂ ਵੀ ਉਸ ਨਾਲ ਬੇਇਨਸਾਫ਼ੀ ਕਰ ਰਹੇ ਹਨ।