ਜਸਬੀਰ ਸ਼ੇਤਰਾ
ਜਗਰਾਉਂ, 21 ਸਤੰਬਰ
ਸਥਾਨਕ ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ਸਥਿਤ ਚੌਕੀਮਾਨ ਟੌਲ ਪਲਾਜ਼ੇ ’ਤੇ ਕਿਸਾਨਾਂ ਨੇ ਅੱਜ ਸਰਕਾਰ ਦੀਆਂ ਵੱਧ ਰਹੀਆਂ ਵਧੀਕੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਰਾਹ ਤੁਰ ਪਈ ਹੈ। ਵਿਰੋਧ ਦੀ ਹਰ ਆਵਾਜ਼ ਦਬਾਉਣ ਲਈ ਭਗਵੰਤ ਮਾਨ ਨੇ ਮੋਦੀ ਸਰਕਾਰ ਵਾਲਾ ਪੈਂਤੜਾ ਅਪਣਾਇਆ ਹੈ। ਪੰਜਾਬੀ ਇਸ ਦਾਬੇ ਨੂੰ ਕਦੇ ਸਹਿਣ ਨਹੀਂ ਕਰਨਗੇ ਜਿਸ ਦਾ ਅਹਿਸਾਸ ਜਲਦ ਹੀ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਇਸ ਸਰਕਾਰ ਨੂੰ ਹੋ ਜਾਵੇਗਾ।
ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਲੋਕਾਂ ਨੂੰ ਸਵਾਲ ਕਰਨ ਦਾ ਜਾਗ ਲਾਉਣ ਵਾਲੇ ਇਹ ਝਾੜੂ ਵਾਲੇ ਹੁਣ ਸਵਾਲਾਂ ਤੋਂ ਹੀ ਡਰਨ ਤੇ ਭੱਜਣ ਲੱਗੇ ਹਨ। ਬੇਬਾਕ ਆਵਾਜ਼ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਖ਼ਿਲਾਫ਼ ਦਰਜ ਪਰਚਾ ਰੱਦ ਕਰਕੇ ਫੌਰੀ ਰਿਹਾਅ ਕਰਨ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ। ਇਕੱਠ ਨੂੰ ਰਣਜੀਤ ਸਿੰਘ ਗੁੜੇ, ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਗੁਰਮੀਤ ਸਿੰਘ ਗੁੜੇ, ਗੁਰਮੇਲ ਸਿੰਘ ਕੁਲਾਰ, ਜਰਨੈਲ ਸਿੰਘ ਮੁੱਲਾਂਪੁਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਪ੍ਰਸੰਗਕ ਸਥਿਤੀ ਦੌਰਾਨ ਸਾਂਝਾ ਫੋਰਮ ਵਲੋਂ 22 ਸਤੰਬਰ ਨੂੰ ਪਿਪਲੀ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਸੇਵਕ ਸਿੰਘ ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਹਰੀ ਸਿੰਘ ਚਚਰਾੜੀ ਹਾਜ਼ਰ ਸਨ।
ਭਾਕਿਯੂ (ਡਕੌਂਦਾ) ਵੱਲੋਂ ਡੀਏਪੀ ਦੀ ਕਿੱਲਤ ਖ਼ਿਲਾਫ਼ ਪ੍ਰਦਰਸ਼ਨ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਭਾਕਿਯੂ (ਏਕਤਾ ਡਕੌਂਦਾ) ਦੇ ਬਲਾਕ ਹੰਬੜਾਂ ਦੇ ਕਿਸਾਨਾਂ ਨੇ ਡੀ.ਏ.ਪੀ ਦੀ ਕਿੱਲਤ ਖ਼ਿਲਾਫ਼ ਨਾਇਬ ਤਹਿਸੀਲਦਾਰ ਮੁੱਲਾਂਪੁਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਗਟ ਕੀਤਾ। ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਅਤੇ ਸਕੱਤਰ ਹਰਬੰਸ ਸਿੰਘ ਬੀਰਮੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲੂ ਦੀ ਫ਼ਸਲ ਅਤੇ ਹਾੜੀ ਦੀ ਫ਼ਸਲ ਦੀ ਬਿਜਾਈ ਲਈ ਪੰਜਾਬ ਭਰ ਵਿੱਚ ਡੀ.ਏ.ਪੀ ਖਾਦ ਦੀ ਕਿੱਲਤ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਸੂਬੇ ਵਿੱਚ ਡੀ.ਏ.ਪੀ ਦੀ ਥੁੜ ਕਾਰਨ ਨਕਲੀ ਖਾਦ ਧੜੱਲੇ ਨਾਲ ਵਿਕ ਰਹੀ ਹੈ। ਖਾਦ ਦੇ ਵਪਾਰੀ ਧੱਕੇ ਨਾਲ ਵਾਧੂ ਵਸਤਾਂ ਕਿਸਾਨਾਂ ਨੂੰ ਖ਼ਰੀਦਣ ਲਈ ਮਜਬੂਰ ਕਰਦੇ ਹਨ ਅਤੇ ਕਿਸਾਨੀ ਦੀ ਦੋਵੇਂ ਹੱਥੀਂ ਲੁੱਟ ਹੋ ਰਹੀ ਹੈ।