ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਕਤੂਬਰ
ਇੱਥੋਂ ਦੇ ਪੈਨਸ਼ਨਰ ਭਵਨ ਵਿੱਚ ਅੱਜ ‘ਫਾਸ਼ੀਵਾਦ ਦਾ ਮੁੱਢ ਤੇ ਅੱਜ ਦਾ ਭਾਰਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਵਿੱਚ ਚਿੰਤਕ ਸੁਖਦਰਸ਼ਨ ਨੱਤ ਅਤੇ ਸਮਾਜ ਸਾਸ਼ਤਰੀ ਡਾ. ਸ਼ਿਆਮ ਸੁੰਦਰ ਦੀਪਤੀ ਪ੍ਰਮੁੱਖ ਬੁਲਾਰੇ ਸਨ।
ਲੋਕ ਹਿਤਾਂ ਦੇ ਪਹਿਰੇਦਾਰ ਕਾਮਰੇਡ ਗੁਰਚਰਨ ਸਿੰਘ ਹਠੂਰ ਦੀ ਤੀਜੀ ਬਰਸੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਕਾਮਰੇਡ ਦੀ ਧੀ ਲੈਕਚਰਾਰ ਚਰਨਪ੍ਰੀਤ ਕੌਰ ਉਚੇਚੇ ਤੌਰ ’ਤੇ ਪੁੱਜੇ। ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਵੱਲੋਂ ਸੈਮੀਨਾਰ ਦੇ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ। ਸੁਖਦਰਸ਼ਨ ਨੱਤ ਨੇ ਕਿਹਾ ਕਿ ਦੇਸ਼ ਵਿੱਚ ਆਰਐੱਸਐੱਸ ਆਪਣਾ ਫਿਰਕੂ ਏਜੰਡਾ ਲਾਗੂ ਕਰ ਰਹੀ ਹੈ। ਸਟੇਟ ਦੇ ਸਾਰੇ ਅੰਗਾਂ ਦਾ ਕੰਟਰੋਲ ਇਕ ਤਾਨਾਸ਼ਾਹ ਦੇ ਹੱਥ ਵਿੱਚ ਦੇ ਕੇ ਲੋਕਾਂ ਦੀਆਂ ਮੰਗਾਂ ਮਸਲਿਆਂ ਨੂੰ ਜਾਬਰ ਤਰੀਕਿਆਂ ਨਾਲ ਲਤਾੜਿਆ ਜਾ ਰਿਹਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ ਸੱਠ ਸਾਲਾਂ ਤੋਂ ਆਰਐੱਸਐੱਸ ਦੇਸ਼ ’ਚ ਭਾਰਤੀ ਸੰਵਿਧਾਨ ਦੀ ਥਾਂ ਮਨੂਸਿਮਰਤੀ ਮੁਤਾਬਿਕ ਫਿਰਕੂ ਵੰਡ ਕਰਕੇ, ਫਿਰਕੂ ਏਕਤਾ ਨੂੰ ਲੀਰੋ-ਲੀਰ ਕਰਕੇ ਭਾਰਤ ਨੂੰ ਅੰਬਾਨੀ ਅਡਾਨੀ ਦਾ ਗੁਲਾਮ ਬਨਾਉਣਾ ਚਾਹੁੰਦੀ ਹੈ। ਇਸ ਸਮੇਂ ਕੰਵਲਜੀਤ ਖੰਨਾ ਵੱਲੋਂ ਪੇਸ਼ ਮਤਿਆਂ ਵਿੱਚ ਬਿਲਕੀਸ ਬਾਨੋ ਕੇਸ ’ਚ ਰਿਹਾਅ ਕੀਤੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਤੁਰੰਤ ਤਾਉਮਰ ਜੇਲ੍ਹ ’ਚ ਬੰਦ ਕਰਨ, ਉੱਘੇ ਬੁਧੀਜੀਵੀ ਪ੍ਰੋਫੈਸਰ ਜੀਐਨ ਸਾਈਬਾਬਾ ਅਤੇ ਸਾਥੀਆਂ ਦੀ ਬੰਬੇ ਹਾਈ ਕੋਰਟ ਵੱਲੋਂ ਝੂਠੇ ਕੇਸ ਵਿੱਚ ਰੱਦ ਕੀਤੀ ਸਜ਼ਾ ਸੁਪਰੀਮ ਕੋਰਟ ਵੱਲੋਂ ਬਹਾਲ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ, ਜੇਲ੍ਹਾਂ ’ਚ ਬੰਦ ਸਾਰੇ ਸਿਆਸੀ ਕੈਦੀਆਂ ਅਤੇ ਤਿੰਨ-ਤਿੰਨ ਸਾਲ ਤੋਂ ਦੇਸ਼ਧਰੋਹ ਦੇ ਮਨਘੜ੍ਹਤ ਕੇਸਾਂ ਵਿੱਚ ਬੰਦ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੇ ਤਿੰਨ ਮਤੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਮੰਚ ਸੰਚਾਲਨ ਸੁਰਜੀਤ ਦੌਧਰ ਨੇ ਕੀਤਾ। ਇਸ ਸਮੇਂ ਜਗਤਾਰ ਸਿੰਘ ਦੇਹੜਕਾ, ਸੁਖਦੇਵ ਸਿੰਘ ਰਾਮਗੜ੍ਹ, ਕਰਤਾਰ ਸਿੰਘ ਵੀਰਾਨ, ਚਰਨਪ੍ਰੀਤ ਸਿੰਘ, ਰਜਨੀਸ਼, ਕਮਲਜੀਤ ਬੁਜਰਗ, ਬਲਦੇਵ ਸਿੰਘ, ਹਰਚੰਦ ਭਿੰਡਰ, ਲਖਵੀਰ ਸਿੰਘ ਸਮਰਾ ਅਤੇ ਧਰਮ ਸਿੰਘ ਸੂਜਾਪੁਰ ਮੌਜੂਦ ਸਨ।