ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਥੇ ਚੱਲ ਰਹੇ ਕਿਸਾਨ ਮੋਰਚੇ ’ਚ ਅੱਜ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਨੂੰ ਸਰਹੱਦ ਦੇ 50 ਕਿਲੋਮੀਟਰ ਅੰਦਰ ਤੱਕ ਸ਼ੱਕੀਆਂ ਦੀ ਗ੍ਰਿਫ਼ਤਾਰੀ, ਤਲਾਸ਼ੀ ਲੈਣ ਅਤੇ ਗੈਰਕਾਨੂੰਨੀ ਵਸਤਾਂ ਜ਼ਬਤ ਕਰਨ ਦੇ ਦਿੱਤੇ ਅਧਿਕਾਰਾਂ ਦਾ ਵਿਰੋਧ ਕੀਤਾ ਗਿਆ। ਲੋਕ ਆਗੂ ਕੰਵਲਜੀਤ ਖੰਨਾ, ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਦਰਸ਼ਨ ਸਿੰਘ ਗਾਲਬਿ, ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਸੰਘੀ ਢਾਂਚੇ ਦੇ ਖ਼ਿਲਾਫ਼ ਹੈ। ਇਸ ਫ਼ੈਸਲੇ ਨਾਲ ਇਕ ਵਾਰ ਫੇਰ ਸਾਬਤ ਹੋਇਆ ਹੈ ਕਿ ਮੋਦੀ ਹਕੂਮਤ ਜਾਣਬੁੱਝ ਕੇ ਪੰਜਾਬ ਨਾਲ ਧੱਕਾ ਕਰਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਤੋਂ ਪਹਿਲਾਂ ਵੀ ਪੰਜਾਬ ਹਮੇਸ਼ਾ ਕੇਂਦਰ ਦੀਆਂ ਨਜ਼ਰਾਂ ’ਚ ਰੜਕਦਾ ਰਿਹਾ ਹੈ ਕਿਸਾਨ ਆਗੂਆਂ ਨੇ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਗਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਉਥੇ ਲਖੀਮਪੁਰ ਖੀਰੀ ਹਿੰਸਾ ਅਤੇ ਕਿਸਾਨ ਅੰਦੋਲਨ ਬਾਰੇ ਕੀਤੇ ਸਵਾਲਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਤਰਕ ਨਾਲ ਕੋਈ ਢੁੱਕਵਾਂ ਜਵਾਬ ਨਹੀਂ ਸੁੱਝਿਆ ਤਾਂ ਉਨ੍ਹਾਂ ਬੇਤੁਕੀ ਦਲੀਲ ਪੇਸ਼ ਕੀਤੀ।
ਸੀਟੂ ਵੱਲੋਂ ਮੋਦੀ, ਸ਼ਾਹ ਅਤੇ ਮਿਸ਼ਰਾ ਦੇ ਪੁਤਲੇ ਫੂਕਣ ਦਾ ਐਲਾਨ
ਗੁਰੂਸਰ ਸੁਧਾਰ (ਸੰਤੋਖ ਗਿੱਲ): ਦਸਹਿਰੇ ਮੌਕੇ 15 ਅਕਤੂਬਰ ਨੂੰ ਸੀਟੂ ਦੀਆਂ ਸਾਰੀਆਂ ਇਕਾਈਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਹੈ। ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿਚ ਪਿੰਡ ਰਾਜੋਆਣਾ ਖ਼ੁਰਦ ਵਿਚ ਸੀਟੂ ਦੇ ਸਰਗਰਮ ਕਾਰਕੁਨਾਂ ਦੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ। ਉਥੇ ਹੀ ਲਖੀਮਪੁਰ ਵਿਚ ਕਿਸਾਨਾਂ ਨੂੰ ਸ਼ਹੀਦ ਕਰਨ ਬਾਅਦ ਘਟਨਾ ਨੂੰ ਫ਼ਿਰਕੂ ਰੰਗਤ ਦੇ ਕੇ ਹਿੰਦੂ-ਸਿੱਖਾਂ ਵਾਲਾ ਨਾਪਾਕ ਪੱਤਾ ਖੇਡਣ ਦੀਆਂ ਚਾਹਵਾਨ ਫ਼ਿਰਕੂ ਸ਼ਕਤੀਆਂ ਨੂੰ ਲੋਕਾਂ ਵਿਚ ਨੰਗੀਆਂ ਕਰਨ ਲਈ ਦਸਹਿਰੇ ਮੌਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਫ਼ਿਰਕੂ ਤਾਕਤਾਂ ਦੇ ਪੁਤਲੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਫੂਕੇ ਜਾਣਗੇ।