ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੁਲਾਈ
ਇਨਕਲਾਬੀ ਕੇਂਦਰ ਪੰਜਾਬ ਨੇ ਕਸ਼ਮੀਰੀ ਫੋਟੋ ਜਰਨਲਿਸਟ ਅਤੇ ਪੁਲਿਟਜ਼ਰ ਪੁਰਸਕਾਰ ਨਾਲ ਸਨਮਾਨਤ ਸਨਾ ਇਰਸ਼ਾਦ ਮੱਟੂ ਨੂੰ ਬਿਨਾਂ ਕੋਈ ਕਾਰਨ ਦੱਸੇ ਪੈਰਿਸ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ’ਤੇ ਰੋਕਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਮੋਦੀ ਹਕੂਮਤ ਦੇ ਇਸ ਕਾਰਵਾਈ ਨੂੰ ਪੱਤਰਕਾਰਤਾ ਦਾ ਗਲ ਘੁੱਟਣ ਵੱਲ ਕਦਮ ਗਰਦਾਨਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਤੰਗ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਨਾ (28) ਨੇ ਟਵੀਟ ਕੀਤਾ ਕਿ ਉਸ ਨੇ ਸੇਰੇਂਡੀਪੀਟੀ ਆਰਲਸ ਗ੍ਰਾਂਟ 2020 ਦੇ 10 ਪੁਰਸਕਾਰ ਜੇਤੂਆਂ ਵਿੱਚੋਂ ਇਕ ਦੇ ਰੂਪ ’ਚ ਇਕ ਕਿਤਾਬ ਰਿਲੀਜ਼ ਅਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਲਈ ਦਿੱਲੀ ਤੋਂ ਪੈਰਿਸ ਦੀ ਯਾਤਰਾ ਕਰਨੀ ਸੀ। ਫਰਾਂਸ ਦਾ ਵੀਜ਼ਾ ਮਿਲਣ ਦੇ ਬਾਵਜੂਦ ਉਸ ਨੂੰ ਦਿੱਲੀ ਏਅਰਪੋਰਟ ’ਤੇ ਇਮੀਗ੍ਰੇਸ਼ਨ ਡੈਸਕ ’ਤੇ ਰੋਕ ਲਿਆ ਗਿਆ ਜਿਸ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਕਿਹਾ ਗਿਆ ਕਿ ਕੌਮਾਂਤਰੀ ਯਾਤਰਾ ਨਹੀਂ ਕਰ ਸਕਦੀ। ਖੰਨਾ ਨੇ ਕਿਹਾ ਕਿ ਇਹ ਭਾਰਤੀ ਹੁਕਮਰਾਨਾਂ ਦਾ ਪ੍ਰੈੱਸ ਦੀ ਜ਼ੁਬਾਨਬੰਦੀ ਦਾ ਗਿਣਿਆ-ਮਿਥਿਆ ਤਰੀਕਾ ਹੈ। ਇਸ ਤੋਂ ਪਹਿਲਾਂ ਜਾਣੀ ਪਛਾਣੀ ਪੱਤਰਕਾਰ ਰਾਣਾ ਅਯੂਬ ਨੂੰ ਵਿਦੇਸ਼ੀ ਦੌਰਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ।