ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਅਪਰੈਲ
ਨਗਰ ਕੌਂਸਲ ਅਧੀਨ ਕੰਮ ਕਰਦੇ ਮੁਲਾਜ਼ਮਾਂ ਦਾ ਈਪੀਐੱਫ ਜਮ੍ਹਾਂ ਨਾ ਕਰਵਾਉਣ ਵਾਲੇ ਠੇਕੇਦਾਰ ਦੀ ਸ਼ਿਕਾਇਤ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਕੀਤੀ ਗਈ ਹੈ, ਜਿਸ ’ਤੇ ਵਿਧਾਇਕ ਸੌਂਦ ਨੇ ਕੌਂਸਲ ਦੇ ਈਓ ਤੇ ਅਕਾਊਂਟੈਂਟ ਤੋਂ ਜਵਾਬ ਤਲਬੀ ਕੀਤੀ ਗਈ। ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਕਮੇਟੀ ’ਚ ਠੇਕੇਦਾਰ ਕੋਲ ਪਿਛਲੇ ਸਮੇਂ ਕੰਮ ਕਰਦੇ ਸਨ ਤਾਂ ਠੇਕੇਦਾਰ ਵੱਲੋਂ ਮੁਲਾਜ਼ਮਾਂ ਦਾ ਈਪੀਐੱਫ ਕੱਟ ਲਿਆ ਪਰ ਅੱਗੇ ਜਮ੍ਹਾਂ ਨਹੀਂ ਕਰਵਾਇਆ। ‘ਆਪ’ ਆਗੂ ਕਰਮ ਚੰਦ ਨੇ ਕਿਹਾ ਕਿ ਠੇਕੇਦਾਰ ਵੱਲੋਂ ਗਰੀਬ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਜੇਕਰ ਈਪੀਐੱਫ ਠੇਕੇਦਾਰ ਨੇ ਜਮ੍ਹਾਂ ਨਹੀਂ ਕਰਵਾਇਆ ਤਾਂ ਮੁਲਾਜ਼ਮ ਦੀ ਪੈਨਸ਼ਨ ਨਹੀਂ ਲੱਗੇਗੀ। ਇਸ ਮੌਕੇ ਵਿਧਾਇਕ ਸੌਂਦ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਾਮਲੇ ਸਬੰਧੀ ਕਾਰਵਾਈ ਨਾ ਕਰਨ ਸਬੰਧੀ ਸਵਾਲ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਕਿਸੇ ਹੋਰ ਥਾਂ ਮੁਲਾਜ਼ਮਾਂ ਨਾਲ ਅਜਿਹਾ ਨਾ ਹੋਵੇ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਠੇਕੇਦਾਰ ਖੰਨਾ ਤੋਂ ਕੰਮ ਛੱਡ ਗਿਆ ਹੈ। ਇਸ ਮਾਮਲੇ ਸਬੰਧੀ ਕੋਰਟ ਕੇਸ ਚੱਲ ਰਿਹਾ ਹੈ, ਅਦਾਲਤ ਦਾ ਜੋ ਫ਼ੈਸਲਾ ਆਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।