ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਫਰਵਰੀ
ਸਾਬਕਾ ਬੀਪੀਈਓ ਵੱਲੋਂ ਸੇਵਾਮੁਕਤੀ ਲਾਭ ਦੇਰ ਨਾਲ ਮਿਲਣ ਕਰ ਕੇ ਵਿਆਜ ਲਈ ਕੀਤੇ ਕੇਸ ਦੇ ਮਾਮਲੇ ਵਿੱਚ ਅਦਾਲਤ ਨੇ ਹੁਕਮਾਂ ਦੀ ਕਥਿਤ ਤੌਰ ’ਤੇ ਪਾਲਣਾ ਨਾ ਕਰਨ ਕਰ ਕੇ ਡੀਈਓ ਦੀ ਤਨਖ਼ਾਹ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵੰਤ ਕੌਰ ਬੀਪੀਈਓ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ ਸੇਵਾਮੁਕਤੀ ਦੇ ਲਾਭ 6-7 ਮਹੀਨੇ ਤੋਂ ਵੀ ਵੱਧ ਦੇਰੀ ਨਾਲ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਲਾਭ ਦੇਰੀ ਨਾਲ ਮਿਲਣ ਕਰ ਕੇ ਵਿਆਜ ਲਈ ਕੇਸ ਦਾਇਰ ਕੀਤਾ ਸੀ। ਇਸ ਕੇਸ ਵਿੱਚ ਅਦਾਲਤ ਨੇ ਨੌਂ ਫ਼ੀਸਦੀ ਦਰ ਨਾਲ ਵਿਆਜ ਦੇਣ ਦੇ ਹੁਕਮ ਜਾਰੀ ਕੀਤੇ ਸਨ। ਪਰ ਡੀਈਓ ਐਲੀਮੈਂਟਰੀ ਨੇ ਕੋਈ ਲਾਭ ਨਾ ਦਿੱਤਾ ਜਿਸ ਕਰ ਕੇ ਸੇਵਾਮੁਕਤ ਅਧਿਕਾਰੀ ਨੂੰ ਦੁਬਾਰਾ ਐਗਜ਼ੀਕਿਊਸ਼ਨ ਦਾਇਰ ਕਰਨੀ ਪਈ। ਇਸ ਮਗਰੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅਦਾਲਤ ਵਿੱਚ ਹਾਜ਼ਰ ਹੋ ਕੇ ਇੱਕ ਹਫ਼ਲੀਆ ਬਿਆਨ ਦੇ ਦਿੱਤਾ ਸੀ ਪਰ ਫਿਰ ਵੀ ਮਿੱਥੇ ਸਮੇਂ ਅੰਦਰ ਅਦਾਇਗੀ ਨਹੀਂ ਕੀਤੀ।
ਹੁਣ ਅਦਾਲਤ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਤਨਖ਼ਾਹ ਅਗਲੇ ਹੁਕਮਾਂ ਤੱਕ ਰੋਕ ਦੇਣ ਦੇ ਨਾਲ-ਨਾਲ 18-2-22 ਨੂੰ ਨਿੱਜੀ ਤੌਰ ’ਤੇ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ।
ਇਸ ਸਬੰਧੀ ਪੱਖ ਜਾਨਣ ਲਈ ਡੀਈਓ ਐਲੀਮੈਂਟਰੀ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।