ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 17 ਜੁਲਾਈ
ਸਿਵਲ ਪ੍ਰਸ਼ਾਸਨ ਵੱਲੋਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਤਾਇਨਾਤ ਅਮਲੇ ਨੂੰ ਆਪਣੇ-ਆਪਣੇ ਇਲਾਕੇ ਵਿੱਚ ਹਰ ਵੇਲੇ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਖੇਤਰ ਵਿੱਚ ਮੀਂਹ ਪੈਣ ਜਾਂ ਪਹਾੜਾਂ ਵਿੱਚੋਂ ਵਾਧੂ ਪਾਣੀ ਆਉਣ ਦੀ ਹਾਲਤ ਵਿੱਚ ਲੋਕਾਂ ਦੀ ਸੰਭਵ ਮਦਦ ਹੋ ਸਕੇ। ਮਾਲੇਰਕੋਟਲਾ ਦੇ ਡੀਸੀ ਸੰਯਮ ਅੱਗਰਵਾਲ ਵੱਲੋਂ ਮਿਲੀਆਂ ਹਦਾਇਤਾਂ ਦੇ ਵੇਰਵੇ ਨਾਲ ਐੱਸਡੀਐੱਮ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੀਵਰੇਜ ਦੇ ਨਿਕਾਸ ਅਤੇ ਠੋਸ ਕੂੜੇ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਨਾਉਣ ਲਈ ਕਹਿਣ ਤੋਂ ਇਲਾਵਾ ਸਬ-ਡਿਵੀਜ਼ਨ ਦੇ ਪਟਵਾਰੀਆਂ ਅਤੇ ਲੰਬੜਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਇਲਾਕੇ ਦੇ ਵਸਨੀਕਾਂ ਦੇ ਸਿੱਧੇ ਸੰਪਰਕ ਵਿੱਚ ਰਹਿਣ।
ਉੱਧਰ ਤਹਿਸੀਲਦਾਰ ਮਨਮੋਹਨ ਕੌਸ਼ਕ ਨਾਲ ਕੀਤੀ ਮੀਟਿੰਗ ਦੌਰਾਨ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸਮੂਹ ਪਟਵਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਰੁਟੀਨ ਕੰਮ ਦੇ ਨਾਲ-ਨਾਲ ਆਪਣੇ ਖੇਤਰ ਦੇ ਖੇਤਾਂ, ਨਹਿਰਾਂ ਤੇ ਕੱਸੀਆਂ ਦੇ ਕੰਢਿਆਂ ’ਤੇ ਵੀ ਨਜ਼ਰ ਰੱਖਣਗੇ।