ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਕਤੂਬਰ
ਪਾਵਰਕੌਮ ਆਊਟਸੋਰਸ ਟੈਕਨੀਕਲ, ਆਫਿਸ ਵਰਕਰ ਯੂਨੀਅਨ (ਪੰਜਾਬ) ਦੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਪੰਜਾਬ ਟਰੇਡ ਸੈਂਟਰ ਨੇੜੇ ਢੋਲੇਵਾਲ ਚੌਕ ਲੁਧਿਆਣਾ ਵਿੱਚ ਹੋਈ। ਇਸ ਵਿੱਚ ਸੁਖਵਿੰਦਰ ਸਿੰਘ ਲੀਲ (ਡੀਐੱਮਐਫ) ਬਲਵਿੰਦਰ ਸਿੰਘ ( ਲੋਕ ਅਧਿਕਾਰ ਲਹਿਰ), ਸੁਖਰਾਮ (ਟੀਐੱਮਈਯੂ) ਨੇ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਹਿੱਸੋਵਾਲ ਨੇ ਕਿਹਾ ਕਿ ਅੱਜ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮੁਲਾਜ਼ਮ ਤੇ ਮਜ਼ਦੂਰਾਂ ਸਮੇਤ ਮਿਹਨਤਕਸ਼ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ । ਅੱਜ ਦੀ ਕਨਵੈਨਸ਼ਨ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਆਊਟ ਸੋਰਸ ਕਾਮਿਆਂ ਉੱਪਰ ਡੀਸੀ ਰੇਟ ਲਾਗੂ ਕਰਨ, ਕਾਮਿਆਂ ਨੂੰ ਰੈਗੂਲਰ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਫਾਰਮੂਲਾ ਲਾਗੂ ਕਰਨ, ਹਾਦਸਾਗ੍ਰਸਤ ਕਾਮਿਆਂ ਨੂੰ ਬਣਦਾ ਮੁਆਵਜ਼ਾ ਦੇਣ, ਵਧੀਆ ਇਲਾਜ ਮੁਹੱਈਆ ਕਰਵਾਉਣ, ਪੀਐੱਸਪੀਸੀਐੱਲ ਵਿਚ ਈਪੀਐੱਫ ਘਪਲੇ ਦੀ ਮੈਜਿਸਟਰੇਟ ਜਾਂਚ ਕਰਵਾਉਣ, ਦੋਸ਼ੀ ਕੰਪਨੀਆ ਨੂੰ ਬਲੈਕ ਲਿਸਟ ਕਰਨ, ਆਊਟਸੋਰਸਿੰਗ ਕਾਮਿਆ ਦਾ ਸੋਸ਼ਣ ਬੰਦ ਕਰਨ ਆਦਿ ਮੰਗਾ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਦੀ ਅਪੀਲ ਕੀਤੀ। ਇਸ ਮੌਕੇ ਨਵੀਂ ਸੂਬਾ ਕਮੇਟੀ ਚੋਣ ਦੌਰਾਨ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ, ਜਨਰਲ ਸਕੱਤਰ ਸੁਖਮਿੰਦਰ ਸਿੰਘ, ਡਿਪਟੀ ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਧਰਮਪਾਲ ਸਿੰਘ ਤੇ ਰਵੀ ਚੰਦ , ਮੀਤ ਪ੍ਰਧਾਨ ਜਗਜੀਤ ਸਿੰਘ ਤੇ ਐਂਥਨੀ, ਵਿੱਤ ਸਕੱਤਰ ਦੀਪਕ, ਪ੍ਰੈੱਸ ਸਕੱਤਰ ਸੰਦੀਪ ਸਿੰਘ, ਪ੍ਰਚਾਰਕ ਸਕੱਤਰ ਪਰਮਿੰਦਰ ਸਿੰਘ, ਮੁੱਖ ਸਲਾਹਕਾਰ ਜਗਦੀਪ ਸਿੰਘ ਜੱਸੋਵਾਲ, ਐਡੀਟਰ ਵਰਿੰਦਰ ਸਿੰਘ ਧਰੌੜ, ਜਥੇਬੰਦਕ ਸਕੱਤਰ ਜਸਵੀਰ ਸਿੰਘ ਤੇ ਹਰਪ੍ਰੀਤ ਸਿੰਘ , ਮੈਂਬਰ ਅਨੁਜ ਕੁਮਾਰ ਚੁਣੇ ਗਏ।