ਸਤਵਿੰਦਰ ਬਸਰਾ
ਲੁਧਿਆਣਾ, 5 ਦਸੰਬਰ
ਇੱਥੇ ਕਿਸਾਨਾਂ- ਮਜ਼ਦੂਰਾਂ ਵਿਰੁੱਧ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ , ਬਿਜਲੀ ਬਿੱਲ 2020 , ਪਰਾਲ਼ੀ ਸਾੜਨ ’ਤੇ ਇਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਸਜ਼ਾ ਆਦਿ ਦੇ ਫੁਰਮਾਨ ਰੱਦ ਕਰਵਾਉਣ ਦੇ ਹੱਕ ਵਿੱਚ ਕੇਂਦਰ ਸਰਕਾਰ ਸਮੇਤ ਕਾਰਪੋਰੇਟ ਘਰਾਣਿਆਂ ਦਾ ਅੱਜ ਲੁਧਿਆਣਾ ਦੇ ਸੁਨੇਤ ਵਿੱਚ ਪੁਤਲਾ ਫੂਕਿਆ ਗਿਆ। ਦੇਸ਼ ਭਰ ਦੇ ਕਿਸਾਨ ਸੰਘਰਸ਼ ਮੰਚ ਦੇ ਸੱਦੇ ’ਤੇ ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਜਮਹੂਰੀ ਅਧਿਕਾਰ ਸਭਾ, ਮਹਾ ਸਭਾ ਲੁਧਿਆਣਾ ਤੇ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾ ਵੱਲੋਂ ਪਹਿਲਾਂ ਇਸ ਪੁਤਲੇ ਦੀ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਤੋਂ ਅੰਤਮ ਯਾਤਰਾ ਸ਼ੁਰੂ ਕੀਤੀ ਅਤੇ ਅਖੀਰ ਰੇਲਵੇ ਫਾਟਕ ਸੁਨੇਤ ਵਿੱਚ ਜਾ ਕੇ ਸਾੜਿਆ ਗਿਆ।
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਰੇਲਵੇ ਸਟੇਸ਼ਨ ਅਤੇ ਚੌਂਕੀਮਾਨ ਟੌਲ ’ਤੇ ਚੱਲ ਰਹੇ ਦਿਨ-ਰਾਤ ਦੇ ਧਰਨੇ ’ਚ ਤਿੰਨ ਦਰਜ਼ਨ ਦੇ ਕਰੀਬ ਪਿੰਡਾਂ ’ਚੋਂ ਬੀਬੀਆਂ, ਬੱਚਿਆਂ, ਬਜ਼ੁਰਗ ਕਿਸਾਨਾਂ ਨੇ ਸ਼ਿਰਕਤ ਕੀਤੀ। ਪਿਛਲੇ 66 ਦਿਨਾਂ ਤੋਂ ਆਪਣੇ ਹੱਕ ਮੰਗ ਰਹੇ ਕਿਰਤੀ ਲੋਕਾਂ ਦੀਆਂ ਇਲਾਕੇ ਭਰ ਦੇ ਪਿੰਡਾਂ ’ਚ ਬਣੀਆਂ ਇਕਾਈਆਂ ਨੇ ਮੋਦੀ, ਅੰਬਾਨੀ, ਅਡਾਨੀ ਦੀ ਭਾਈਵਾਲੀ ਨੂੂੰ ਲੈ ਕੇ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਸ਼ਹਿਰ ’ਚ ਰੋਸ ਮਾਰਚ ਕੱਢਦਿਆਂ ਦਿੱਲੀ ਹਕੂਮਤ ’ਤੇ ਭਖੇ ਪੱਤਰਕਾਰਾਂ, ਵਕੀਲਾਂ,ਵਪਾਰੀਆਂ ਅਤੇ ਕਿਰਤੀ ਵਰਗ ਨੇ ਰੱਜ ਕੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ (ਪੰਜਾਬ), ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਭਾਰਤੀ ਕਿਸਾਨ ਯੂਨੀਅਨ(ਲ),ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀ,ਪੰਜਾਬ ਸਰਕਾਰ ਪੈਨਸ਼ਨਰ ਯੂਨੀਅਨ, ਸਾਬਕਾ ਫੌਜੀਆਂ ਨੇ ਸਾਂਝੇ ਤੌਰ ’ਤੇ ਦਿੱਲੀ ਮੋਰਚੇ ਦੀ ਸਫ਼ਲਤਾ ਲਈ ਕਾਮਨਾ ਕੀਤੀ ਅਤੇ ਰੋਸ ਰੈਲੀਆਂ, ਅਰਥੀਆਂ ਫੂਕ ਕੇ ਮੋਦੀ ਸਰਕਾਰ ਨੂੰ ਹੋਸ਼ ਕਰਨ ਦਾ ਸੁਨੇਹਾ ਦਿੱਤਾ। ਇਲਾਕੇ ਦੇ ਕਈ ਪਿੰਡਾਂ ਦੇ ਗੁਰੂ ਘਰਾਂ ’ਚ ਸੰਗਤਾਂ ਨੇ ਮੋਰਚੇ ਦੀ ਸਫ਼ਲਤਾ ਲਈ ਗੁਰੁ ਗ੍ਰੰਥ ਸਾਹਿਬ ਦੇ ਪਾਠ ਵੀ ਅਰੰਭ ਕਰਵਾਏ ਹਨ।
ਰਾਏਕੋਟ(ਰਾਮ ਗੋਪਾਲ ਰਾਏਕੋਟੀ): ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ (ਸਾਬਰ)ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਹਰੀ ਸਿੰਘ ਨਲਵਾ ਚੌਕ ਰਾਏਕੋਟ ਵਿੱਚ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮਾਸਟਰ ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਸੁਰਿੰਦਰ ਸਿੰਘ, ਮਾਸਟਰ ਫ਼ਕੀਰ ਚੰਦ ਦੱਧਾਹੂਰ ਅਤੇ ਗੁਰਦੀਪ ਸਿੰਘ ਕਲਸੀ , ਰਣਧੀਰ ਸਿੰਘ ਢੇਸੀ, ਕਾਮਰੇਡ ਅਮਰ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਸੁਦਾਗਰ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਪਿੰਡ ਖੇੜਾ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਸਭਾ ਦੇ ਪ੍ਰਧਾਨ ਨਿੰਕਾ ਸਿੰਘ ਖੇੜਾ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਸਭਾ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਇਆ ਜਾਵੇਗਾ।
ਗੁਰੂਸਰ ਸੁਧਾਰ(ਪੱਤਰ ਪ੍ਰੇਰਕ): ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰਤਨ-ਜੋਧਾਂ ਬਜ਼ਾਰ ਵਿੱਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਅਤੇ ਹੋਰ ਭਰਾਤਰੀ ਜਨਤਕ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਨਿਆਂ ਵਿਰੁੱਧ ਜੋਸ਼ੀਲੇ ਨਾਅਰੇ ਮਾਰਦਿਆਂ ਬਜ਼ਾਰ ਵਿੱਚ ਰੋਸ ਮਾਰਚ ਬਾਅਦ ਮੋਦੀ ਸਰਕਾਰ ਦੇ ਪੁਤਲੇ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਬੀਕੇਯੂ ਏਕਤਾ ਉਗਰਾਹਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ
ਪਾਇਲ(ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਘਲੋਟੀ, ਘੁਡਾਣੀ ਕਲਾਂ ਵਿੱਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅਰਥੀ ਫੂਕੀ ਗਈ। ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕਜੁੱਟ ਹੋ ਕੇ ਸ਼ੰਘਰਸ਼ ਕਰ ਰਹੀਆਂ ਹਨ ਤੇ ਕਿਸਾਨ ਖੇਤੀ ਖ਼ੇਤਰ ਨੂੰ ਤਬਾਹ ਕਰਨ ਵਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਵਾਪਸ ਮੁੜਨਗੇ। ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਸ ਮੁੱਦੇ ’ਤੇ ਇਕਜੁੱਟ ਹਨ। ਇਸ ਮੌਕੇ ਪਰਮਵੀਰ ਸਿੰਘ ਘਲੋਟੀ, ਰਾਜਬੀਰ ਸਿੰਘ ਘੁਡਾਣੀ, ਬਲਵੰਤ ਸਿੰਘ, ਦਵਿੰਦਰ ਸਿੰਘ ਘਲੋਟੀ, ਜਸਵੀਰ ਸਿੰਘ, ਮੋਹਨ ਸਿੰਘ, ਹਰਜੀਤ ਸਿੰਘ ਪਿਲਾ, ਸੁਖਵੰਤ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਜੱਗੀ, ਕੁਲਵਿੰਦਰ ਸਿੰਘ ਤੇ ਹਰਕੀਰਤ ਸਿੰਘ ਹਾਜ਼ਰ ਸਨ।