ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਜੁਲਾਈ
ਇਨਕਲਾਬੀ ਕੇਂਦਰ ਪੰਜਾਬ ਨੇ ਸਟੇਨ ਸਵਾਮੀ ਦੀ ਮੌਤ ਲਈ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਟੇਨ ਸਵਾਮੀ ਨੇ ਆਪਣੀ ਜ਼ਿੰਦਗੀ ਭਾਰਤੀ ਆਵਾਮ ਦੇ ਸਭ ਤੋਂ ਦੱਬੇ-ਕੁਚਲੇ ਵਰਗ ਆਦਿ-ਵਾਸੀਆਂ ਦੇ ਕਾਰਪੋਰੇਟੀ ਅਤੇ ਰਾਜਕੀ ਦਮਨ ਖ਼ਿਲਾਫ਼ ਸੰਗਰਾਮ ਨੂੰ ਸਮਰਪਿਤ ਕਰ ਦਿੱਤੀ ਸੀ। ਐਲਗਾਰ ਪ੍ਰੀਸ਼ਦ ਨਾਲ ਜੋੜ ਕੇ ਭੀਮਾ-ਕੋਰੇਗਾਓਂ ਕੇਸ ਵਿੱਚ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਡੱਕੇ ਆਦਿ-ਵਾਸੀ ਹੱਕਾਂ ਦੇ ਘੁਲਾਟੀਏ 84 ਸਾਲਾ ਕਰੋਨਾ ਪਾਜ਼ੇਟਿਵ ਸਟੇਨ ਸਵਾਮੀ ਦੋ ਦਿਨ ਪਹਿਲਾਂ ਵੈਂਟੀਲੇਟਰ ’ਤੇ ਸਨ ਅਖ਼ੀਰ ਮੌਤ ਸਾਹਮਣੇ ਹਾਰ ਗਏ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਜਾਰੀ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਸੀ ਪਰ ਇਹ ਕੇਵਲ ਮਗਰਮੱਛ ਦੇ ਹੰਝੂ ਸਨ।
ਜਗਰਾਉਂ ( ਜਸਬੀਰ ਸਿੰਘ ਸ਼ੇਤਰਾ): ਭਾਰਤੀ ਕਮਿਊਨਿਸਟ ਪਾਰਟੀ (ਐਮ.ਐਲ) ਨਿਊਡੈਮੋਕਰੇਸੀ, ਕਿਰਤੀ ਕਿਸਾਨ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਪਾਦਰੀ ਸਟੈਨ ਸਵਾਮੀ ਦੀ ਮੌਤ ਨੂੰ ‘ਗਿਣਿਆ ਮਿਥਿਆ ਕਤਲ’ ਕਰਾਰ ਦਿੰਦੇ ਹੋਏ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਲਈ ਮੋਦੀ ਹਕੂਮਤ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਜਥੇਬੰਦੀਆਂ ਦੇ ਕਾਰਕੁਨਾਂ ਨੇ ਸਥਾਨਕ ਬੱਸ ਅੱਡੇ ਤੋਂ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ। ਮਾਰਚ ਦੌਰਾਨ ‘ਸਟੈਨ ਸਵਾਮੀ ਅਮਰ ਰਹੇ’ ਅਤੇ ‘ਅਮਿਤ ਸ਼ਾਹ ਖ਼ਿਲਾਫ਼ ਮਾਮਲਾ ਦਰਜ ਕਰੋ’ ਦੇ ਨਾਅਰੇ ਬੁਲੰਦ ਕੀਤੇ ਗਏ। ਉਪਰੰਤ ਏਡੀਸੀ ਨੂੰ ਇਸ ਸਬੰਧੀ ਮੰਗ ਪੱਤਰ ਸੌਂਪਿਆ ਗਿਆ।
ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਹਕੂਮਤ 84 ਸਾਲਾ ਬਜ਼ੁਰਗ ਤੋਂ ਡਰੀ: ਪ੍ਰੋ. ਜਗਮੋਹਨ
ਲੁਧਿਆਣਾ (ਸਤਵਿੰਦਰ ਬਸਰਾ): ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ’ਤੇ ਕੀਤੇ ਸ਼ੋਕ ਸਮਾਗਮ ਦੌਰਾਨ ਅੱਜ ਮਨੁੱਖੀ ਹੱਕਾਂ ਲਈ ਆਦਿਵਾਸੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇ ਸਟੇਨ ਸਵਾਮੀ ਦੀ ਮੌਤ ਨੂੰ ਯੋਜਨਾਬੱਧ ਕਤਲ ਕਰਾਰ ਦਿੱਤਾ ਗਿਆ। ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਚ ਹੋਏ ਸਮਾਗਮ ਦੌਰਾਨ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਸਟੇਨ ਸਵਾਮੀ ਨੇ ਆਪਣੀ ਪੂਰੀ ਜ਼ਿੰਦਗੀ ਆਦਿਵਾਸੀ ਅਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲੇਖੇ ਲਾਈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸ਼ਕਤੀਸਾਲੀ ਸਮਝਣ ਵਾਲੀ ਹਕੂਮਤ 84 ਸਾਲ ਦੇ ਵਿਅਕਤੀ ਤੋਂ ਇਸ ਹੱਦ ਤਕ ਡਰ ਰਹੀ ਸੀ ਕਿ ਹਸਪਤਾਲ ਵਿੱਚ ਵੀ ਉਨ੍ਹਾਂ ਦੇ ਪੈਰਾਂ ਤੇ ਹੱਥਾਂ ਨੂੰ ਬੇੜੀ ਲਗਾ ਕੇ ਰੱਖਿਆ ਗਿਆ। ਸਟੇਜ ਸੰਚਾਲਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਨੇ ਲੋਕ ਮਸਲਿਆਂ ਦੇ ਸੰਘਰਸ਼ ਨੂੰ ਹੋਰ ਸ਼ਿੱਦਤ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ।