ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਗਸਤ
ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈੱਨ, ਮਾਡਲ ਟਾਊਨ, ਲੁਧਿਆਣਾ ਦੇ ਰੈੱਡ ਰਿਬਨ ਕਲੱਬ ਨੇ ਚੰਦਰਯਾਨ- 3 ਦੀ ਇਤਿਹਾਸਕ ਲੈਂਡਿੰਗ ਨੂੰ ਯਾਦ ਕਰਦਿਆਂ ਰਾਸ਼ਟਰੀ ਪੁਲਾੜ ਦਿਵਸ ਮਨਾਇਆ। ਇਸ ਸਾਲ ਦਾ ਥੀਮ ‘ਚੰਨ ਨੂੰ ਛੂਹਣ ਵੇਲੇ ਜੀਵਨ ਨੂੰ ਛੂਹਣਾ: ਇੰਡੀਆਜ਼ ਸਪੇਸ ਸਾਗਾ’ ਪੁਲਾੜ ਖੋਜ ਵਿੱਚ ਭਾਰਤ ਦੀ ਸ਼ਾਨਦਾਰ ਯਾਤਰਾ ਅਤੇ ਸਮਾਜ ’ਤੇ ਇਸ ਦੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ।
ਪੁਲਾੜ ਖੋਜ, ਆਕਾਸ਼ੀ ਅਜੂਬਿਆਂ ਅਤੇ ਪੁਲਾੜ ਵਿਗਿਆਨ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਬਾਰੇ ਇੱਕ ਆਨਲਾਈਨ ਕੁਇੱਜ਼ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁਇੱਜ਼ ਤੋਂ ਬਾਅਦ ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ਸਾਬਕਾ ਰਾਸ਼ਟਰਪਤੀ, ਡਾ. ਏ.ਪੀ.ਜੇ ਅਬਦੁਲ ਕਲਾਮ ਦੇ ਜੀਵਨ ਅਤੇ ਪ੍ਰਾਪਤੀਆਂ ’ਤੇ ਇੱਕ ਡਾਕੂਮੈਂਟਰੀ ਦੀ ਸਕਰੀਨਿੰਗ ਕੀਤੀ ਗਈ, ਜਿਨ੍ਹਾਂ ਦਾ ਦੇਸ਼ ਦੇ ਪੁਲਾੜ ਅਤੇ ਮਿਜ਼ਾਈਲ ਪ੍ਰੋਗਰਾਮਾਂ ਵਿੱਚ ਯੋਗਦਾਨ ਮਹੱਤਵਪੂਰਨ ਰਿਹਾ ਹੈ। ਇਸ ਸਮਾਗਮ ਦਾ ਸੰਚਾਲਨ ਕਲੱਬ ਦੇ ਕੋ-ਆਰਡੀਨੇਟਰ ਡਾ. ਨਿਧੀ ਅਤੇ ਡੇਜ਼ੀ ਵਧਵਾ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪੁਲਾੜ ਖੋਜ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟਾਇਆ ਅਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਖੋਜ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਸਮਾਗਮ ਕਰਵਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇੱਥੋਂ ਦੇ ਏ ਐੱਸ ਕਾਲਜ ਫਾਰ ਵਿਮੈੱਨ ਵਿੱਚ ਕੌਮੀ ਪੁਲਾੜ ਦਿਵਸ ਪ੍ਰਿੰਸੀਪਲ ਸੋਨੀਆ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਸਬੰਧੀ ਜਾਣਕਾਰੀ ਦੇਣਾ ਸੀ ਤਾਂ ਜੋ ਭਵਿੱਖ ਵਿੱਚ ਕਰੀਅਰ ਨਾਲ ਸਬੰਧਤ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਸਕੇ। ਇਸ ਦੌਰਾਨ ਵਿਦਿਆਰਥਣਾਂ ਨੂੰ ‘ਮਿਸ਼ਨ ਮੰਗਲ’ ਫ਼ਿਲਮ ਵੀ ਦਿਖਾਈ ਗਈ, ਜੋ ਭਾਰਤ ਦੇ ਪੁਲਾੜ ਖੋਜ ਸੰਗਠਨ ਦੀ ਮੰਗਲ ਗ੍ਰਹਿ ’ਤੇ ਸਫ਼ਲ ਮਿਸ਼ਨ ਦੀ ਕਹਾਣੀ ’ਤੇ ਅਧਾਰਿਤ ਹੈ। ਇਸ ਮੌਕੇ ਵਿਦਿਆਰਥਣਾਂ ਨੇ ਪੁਲਾੜ ਸਬੰਧੀ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਅਤੇ ਐਡਵੋਕੇਟ ਬਰਿੰਦਰ ਡੈਵਿਟ ਕਾਲਜ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਦਾ ਗਿਆਨ ਅਤੇ ਉਤਸ਼ਾਹ ਵਧੇਗਾ।