ਦੇਵਿੰਦਰ ਸਿੰਘ ਜੱਗੀ
ਪਾਇਲ, 6 ਅਗਸਤ
ਇਥੇ ਹਲਕਾ ਪਾਇਲ ਦੇ ਦਿੱਗਜ਼ ਆਗੂਆਂ ਸਮੇਤ ਪਾਰਟੀ ਵਰਕਰਾਂ ਨੇ ਬਾਦਲ ਦਲ ਨੂੰ ਅਲਵਿਦਾ ਆਖ ਢੀਂਡਸਾ ਗਰੁੱਪ ਦਾ ਪੱਲਾ ਫੜ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਗਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਦਲ ਨੂੰ ਆਜ਼ਾਦ ਕਰਵਾਇਆ ਜਾਵੇ ਅਤੇ ਬਰਬਾਦ ਹੋ ਚੁੱਕੇ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਕੈਪਟਨ ਨੇ ਰਲ ਕੇ ਪੂਰੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪੰਜਾਬ ਅਤੇ ਪੰਥ ਦੀ ਲੜਾਈ ਲੜੇਗਾ। ਇਸ ਸਮੇਂ ਮਾਨ ਸਿੰਘ ਗਰਚਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਇਸ ਮੀਟਿੰਗ ਨੂੰ ਪਾਰਟੀ ਦੇ ਆਗੂ ਕੁਲਵੰਤ ਸਿੰਘ ਸੰਧੂ, ਜਥੇਦਾਰ ਮੰਗਤ ਰਾਏ ਸਿੰਘ ਲਸਾੜਾ, ਜੱਸਾ ਸਿੰਘ ਗਲਵੱਡੀ ,ਸੰਦੀਪ ਸਿੰਘ ਰੁਪਾਲੋਂ ,ਬੀਬੀ ਇੰਦਰਜੀਤ ਕੌਰ ਪੰਧੇਰ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ , ਹਰਭਜਨ ਸਿੰਘ ਸੰਦੀਲਾ, ਅਮਰ ਦਲਜੀਤ ਸਿੰਘ ਫੂਲਕਾ, ਭੁਪਿੰਦਰ ਸਿੰਘ ਲਬਿੜਾ ਨੇ ਸੰਬੋਧਨ ਕੀਤਾ।