ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਈ
ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਵਾਰਡ ਨੰਬਰ-44 ’ਚ ਆਤਮ ਨਗਰ ਦੇ ਹਲਕਾ ਇੰਚਾਰਜ ਹਰਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਪੁੱਜੇ, ਮੀਟਿੰਗ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਵਿਧਾਇਕ ਬੈਂਸ ਨੇ ਕਿਹਾ ਕਿ ਸਾਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਵਾਰਡ ਵਿੱਚ ਬੂਥ ਕਮੇਟੀਆਂ ਬਣਾ ਕੇ ਵਾਰਡ ਦੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਵਿਧਾਇਕ ਬੈਂਸ ਨੇ ਕਿਹਾ ਕਿ ਇਹ ਬੂਥ ਕਮੇਟੀਆਂ ਆਪਣੇ ਇਲਾਕੇ ਦੇ ਵਿਕਾਸ ਦਾ ਕੰਮ, ਗਰੀਬ ਲੜਕੀਆਂ ਦੇ ਵਿਆਹ, ਗਰੀਬ ਬੱਚਿਆਂ ਦੀ ਪੜ੍ਹਾਈ ਲਈ ਆਪਣੀਆਂ ਸਿਫਾਰਸ਼ਾਂ ਕਰਨਗੀਆਂ ਅਤੇ ਉਹ ਆਪਣੇ ਏਰੀਏ ਵਿੱਚ ਵੋਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਕਰਨਗੀਆਂ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦਾ ਗਠਨ ਲੋਕਾਂ ਦੀ ਸੇਵਾ ਲਈ ਕੀਤਾ ਗਿਆ ਹੈ ਅਤੇ ਸਾਡਾ ਮੁੱਖ ਏਜੰਡਾ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਹੈ। ਮੀਟਿੰਗ ਦੌਰਾਨ ਮਨਜੀਤ ਸਿੰਘ ਚਾਵਲਾ, ਗੁਰਦੀਪ ਸਿੰਘ ਕਾਲੜਾ, ਮਨਮੋਹਨ ਸਿੰਘ ਪੰਪੂ, ਸੋਹਣ ਸਿੰਘ ਪ੍ਰਧਾਨ, ਪਰਮਿੰਦਰ ਸਿੰਘ, ਹਰਪ੍ਰੀਤ ਕੌਰ, ਅਵਤਾਰ ਸਿੰਘ ਦੇਹਰਾਦੂਨ ਆਦਿ ਮੌਜੂਦ ਸਨ।