ਪੱਤਰ ਪ੍ਰੇਰਕ
ਸਮਰਾਲਾ, 19 ਸਤੰਬਰ
ਝੋਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਬਿਮਾਰੀ ਦੇ ਹਮਲੇ ਕਾਰਨ ਕਿਸਾਨਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਕਾਰਨ ਫ਼ਸਲ ਤਬਾਹ ਹੋ ਰਹੀ ਹੈ ਜਾਂ ਨੁਕਸਾਨ ਕਾਰਨ ਝਾੜ ਘਟਣ ਦਾ ਡਰ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਤਹਿਸੀਲਦਾਰ ਸਮਰਾਲਾ ਨੂੰ ਪਿੰਡ ਗਹਿਲੇਵਾਲ ਵਿਚ ਬਿਮਾਰੀ ਨਾਲ ਬਰਬਾਦ ਹੋ ਚੁੱਕੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਅਧਿਕਾਰੀ ਨੂੰ ਮੰਗ ਪੱਤਰ ਦੇਣ ਮਗਰੋਂ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਥੇਬੰਦੀ ਦੇ ਹੋਰ ਅਹੁਦੇਦਾਰਾਂ ਸਣੇ ਗਹਿਲੇਵਾਲ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਪੀੜਤ ਕਿਸਾਨਾਂ ਅਜਮੇਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਗੁਰਮੁਖ ਸਿੰਘ, ਸੁਖਵੀਰ ਸਿੰਘ, ਜਗਦੇਵ ਸਿੰਘ, ਨਿਰਮਲ ਸਿੰਘ, ਮੇਵਾ ਸਿੰਘ ਤੋਂ ਜਾਣਕਾਰੀ ਲਈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਤਹਿਸੀਲ ਪੱਧਰ ਤੇ ਤਹਿਸੀਲਦਾਰਾਂ ਅਤੇ ਪਟਵਾਰੀਆਂ ਦੀ ਡਿਊਟੀ ਲਗਾ ਕੇ ਵਿਸ਼ੇਸ਼ ਗਿਰਦਾਵਰੀ ਕਰਵਾਏ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ।