ਦੇਵਿੰਦਰ ਸਿੰਘ ਜੱਗੀ
ਪਾਇਲ, 27 ਸਤੰਬਰ
ਇਲਾਕੇ ਅੰਦਰ ਅੱਜ ਦੁਪਿਹਰ ਸਮੇਂ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕੀ ਖੜ੍ਹੀ ਫ਼ਸਲ ਧਰਤੀ ’ਤੇ ਵਿਛਾ ਦਿੱਤੀ। ਫ਼ਸਲਾਂ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ ਵਧੇਰੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਕਿਸਾਨ ਤੇਜਪਾਲ ਸਿੰਘ ਤੇਜੀ ਵਾਸੀ ਪਾਇਲ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਬੇਮੌਸਮੇ ਮੀਂਹ ਪੈਣ ਤੇ ਤੇਜ਼ ਹਵਾਵਾਂ ਵਗਣ ਕਾਰਨ ਧਰਤੀ ਨਾਲ ਵਿਛ ਗਈ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਬੇਮੌਸਮੇ ਮੀਂਹ ਕਾਰਨ 25 ਤੋਂ 30 ਫੀਸਦੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਿਹੜਾ ਛਿੱਟਾ ਪਾਣੀ ਵਿੱਚ ਡੁੱਬ ਗਿਆ ਅਤੇ ਧਰਤੀ ’ਤੇ ਵਿਛ ਗਿਆ ਉਹ ਵੀ ਦਾਣਾ ਥੋਥਾ ਪੈ ਜਾਵੇਗਾ। ਗੋਬਿੰਦਰ ਫਾਰਮ ਬਰਮਾਲੀਪੁਰ ਵਾਲਿਆਂ ਦੀ ਹਾਈਬਰੈਡ ਝੋਨੇ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ। ਕਿਸਾਨ ਮਨਦੀਪ ਸਿੰਘ ਮਾਜਰੀ ਨੇ ਦੱਸਿਆ ਕਿ ਉਸਦੀ ਚਕੌਤੇ ’ਤੇ ਲਈ ਜ਼ਮੀਨ ਵਿੱਚ ਲਾਏ ਝੋਨੇ ਦੀ ਫ਼ਸਲ ਬਾਸਮਤੀ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਇੱਕ ਪਾਸੇ ਕੁਦਰਤੀ ਆਫਤ ਨੇ ਨੁਕਸਾਨ ਕਰ ਦਿੱਤਾ, ਦੂਜੇ ਪਾਸੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਵਰ੍ਹੇ ਬਾਸਮਤੀ ਦੀ ਫ਼ਸਲ 4000 ਤੋਂ 4500 ਰੁਪਏ ਨੂੰ ਵਿਕਦੀ ਰਹੀ ਪਰ ਇਸ ਵਾਰ 26-2700 ਰੁਪਏ ਨੂੰ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਝੋਨੇ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਵੇ। ਜਦੋਂ ਇਸ ਸੰਬੰਧੀ ਐੱਸਡੀਐਮ ਪਾਇਲ ਪਰਦੀਪ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਝੋਨੇ ਦੀ ਫਸਲ ਦਾ ਮੀਂਹ ਨਾਲ ਹੋਏ ਨੁਕਸਾਨ ਬਾਰੇ ਪਟਵਾਰੀਆਂ ਦੀ ਡਿਊਟੀ ਲਗਾਕੇ ਪੜਤਾਲ ਕਰਵਾਈ ਜਾਵੇਗੀ।