ਦੇਵਿੰਦਰ ਸਿੰਘ ਜੱਗੀ
ਪਾਇਲ, 7 ਜੁਲਾਈ
ਪਿੰਡ ਸਿਹੌੜਾ ਵਿੱਚ ਨਸ਼ਿਆਂ ਤੇ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਗਰਾਮ ਪੰਚਾਇਤ, ਯੂਥ ਕਲੱਬ ਸਿਹੌੜਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਦੀਆਂ ਸੱਥਾਂ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਅੱਜ ਪਿੰਡ ਦੇ ਦਰਵਾਜ਼ੇ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ। ਸਮਾਜਸੇਵੀ ਜਗਜੀਵਨ ਸਿੰਘ ਕਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਜਗਦੇਵ ਸਿੰਘ ਦੇਬੀ ਅਤੇ ਯੂਥ ਕਲੱਬ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਹਨ ਕਿ ਪਿੰਡ ਵਿੱਚ ਜਿਹੜੇ ਵਿਅਕਤੀ ਬਾਹਰੋਂ ਆ ਕੇ ਰਹਿ ਰਹੇ ਹਨ ਉਹ ਆਪਣੇ ਪਛਾਣ ਪੱਤਰ ਪੰਚਾਇਤ ਕੋਲ ਜਮ੍ਹਾਂ ਕਰਵਾਉਣ, ਨਸ਼ੇ ਦੀ ਤਸਕਰੀ ਕਰਨ ਵਾਲੇ ਵਿਅਕਤੀ ਦੀ ਗਵਾਹੀ ਪੰਚਾਇਤ ਜਾਂ ਨੰਬਰਦਾਰ ਨਹੀਂ ਦੇਵੇਗਾ। ਮਤਿਆਂ ਦੀ ਉਲੰਘਣਾ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਜਥੇ ਬਲਵਿੰਦਰ ਸਿੰਘ ਕਾਕਾ, ਬਹਾਦਰ ਸਿੰਘ, ਆਰਕੇ ਸ਼ਰਮਾ, ਤੇਜਿੰਦਰ ਸਿੰਘ, ਸਮਿਤੀ ਮੈਂਬਰ ਰਣਧੀਰ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਡਾ. ਭਾਰਤ ਭੂਸ਼ਣ, ਨੰਬੜਦਾਰ ਬਲਵੰਤ ਸਿੰਘ, ਨਿਰਭੈ ਸਿੰਘ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ।