ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਦਸੰਬਰ
ਸਨਅਤੀ ਸ਼ਹਿਰ ਦੇ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ’ਤੇ ਉਦਘਾਟਨ ਤੋਂ ਪਹਿਲਾਂ ਹੀ ਕਾਲੇ ਰੰਗ ਨਾਲ ਥਾਂ-ਥਾਂ ’ਤੇ ਲਿਖੇ ‘ਥੈਂਕ ਯੂ ਆਸ਼ੂ ਜੀ’ (ਧੰਨਵਾਦ ਆਸ਼ੂ ਜੀ) ਦੇ ਸਲੋਗਨਾਂ ’ਤੇ ਨਗਰ ਨਿਗਮ ਨੇ ਅੱਜ ਪੇਂਟ ਫੇਰ ਦਿੱਤਾ ਹੈ। ਹਾਲਾਂਕਿ, ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੈ। ਦਰਅਸਲ, ਸ਼ਹਿਰ ਦਾ ਇਹ ਆਰਓਬੀ ਪੁਲ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਡ੍ਰੀਮ ਪ੍ਰਾਜੈਕਟ ਸੀ। ਉਨ੍ਹਾਂ ਨੇ ਖੁਦ ਇਸ ਪੁਲ ਦੀ ਉਸਾਰੀ ਸ਼ੁਰੂ ਕਰਵਾਈ ਸੀ। ਇਸ ਤੋਂ ਬਾਅਦ ਹੁਣ ਜਦੋਂ ਇਸ ਪੁਲ ਦਾ ਉਦਘਾਟਨ ਕਰਨ ਦਾ ਸਮਾਂ ਆ ਰਿਹਾ ਹੈ ਤਾਂ ਕਿਸੇ ਨੇ ਪਿਛਲੇ ਦਿਨੀਂ ਕਾਲੇ ਰੰਗ ਦੇ ਸਪਰੇਅ ਪੇਂਟ ਦੇ ਨਾਲ ਧੰਨਵਾਦ ਆਸ਼ੂ ਜੀ ਵਰਗੇ ਸਲੋਗਨ ਲਿਖ ਦਿੱਤੇ ਸਨ। ਦੋ ਦਿਨ ਛੁੱਟੀਆਂ ਮਗਰੋਂ ਹੁਣ ਜਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਨ੍ਹਾਂ ’ਤੇ ਪੇਂਟ ਕਰ ਦਿੱਤਾ। ਪੱਖੋਵਾਲ ਰੋਡ ਫਾਟਕਾਂ ’ਤੇ ਇਸ ਪੁਲ ਵੱਡਾ ਫਾਇਦਾ ਮਾਡਲ ਟਾਊਨ, ਪੱਖੋਵਾਲ ਰੋਡ ਅਤੇ ਸਰਾਭਾ ਨਗਰ ਦੇ ਲੋਕਾਂ ਨੂੰ ਮਿਲੇਗਾ। ਲੰਮੇ ਸਮੇਂ ’ਤੇ ਫਾਟਕਾਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਰਹਿੰਦੀ ਸੀ। ਪਰ ਹੁਣ ਰੋਡ ’ਤੇ ਆਰਓਬੀ ਤੇ ਆਰਯੂਬੀ ਬਣਾ ਗਿਆ ਹੈ। ਆਰਯੂਬੀ ਨੂੰ ਮਈ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ।