ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਫਰਵਰੀ
ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਡੀਅਨ ਰਿਕਾਰਡ’ਜ਼ ਨੇ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਅਤੇ ਕਲਾਕਾਰ ਜਸਪ੍ਰੀਤ ਸਿੰਘ ਮੋਹਨ ਨੂੰ ਇੰਡੀਅਨ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਨਾਮ ਪ੍ਰਾਪਤ ਕਲਾਕਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਚਿੱਤਰਾਂ ਦੀ ਭਾਸ਼ਾ ਨੂੰ ਹਰ ਕੋਈ ਸਮਝ ਲੈਂਦਾ ਹੈ। ਉਨ੍ਹਾਂ ਵੱਲੋਂ ਬਣਾਏ ਚਿੱਤਰਾਂ ਨੂੰ ਉਕਤ ਇਨਾਮ ਨੇ ਸਿਖਰ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਰਿਕਾਰਡ’ਜ਼ ਵੱਲੋਂ ਪ੍ਰਤਿਭਾਸ਼ਾਲੀ ਲੋਕਾਂ ਦੀ ਪਛਾਣ ਲਈ ਇੰਡੀਅਨ ਆਈਕਨ ਐਵਾਰਡ-2022 ਦਿੱਤੇ ਗਏ ਹਨ, ਜਿਸ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਕੁੱਲ 400 ਨਾਮਜ਼ਦਗੀਆਂ ਵਿੱਚੋਂ 48 ਐਵਾਰਡੀ ਚੁਣੇ ਗਏ। ਇਨ੍ਹਾਂ ਵਿੱਚ ਚਿੱਤਰਕਾਰੀ ’ਚੋਂ ਉਹ ਵੀ ਸ਼ਾਮਲ ਹਨ। ਜਸਪ੍ਰੀਤ ਮੋਹਨ ਸਿੰਘ ਤੋਂ ਇਲਾਵਾ ਇਸ ਐਵਾਰਡ ਲਈ ਕਲਾ, ਲੇਖਕ, ਵਿਗਿਆਨ, ਪੱਤਰਕਾਰੀ, ਆਰਕੀਟੈਕਚਰ, ਰਾਜਨੀਤੀ, ਪੁਲੀਸ ਸੇਵਾ, ਟੈਰੋ ਰੀਡਿੰਗ ਵਰਗੇ ਵੱਖ ਵੱਖ ਖੇਤਰਾਂ ਵਿੱਚੋਂ ਨਾਮਜ਼ਦਗੀਆਂ ਆਈਆਂ ਸਨ। ਜ਼ਿਕਰਯੋਗ ਹੈ ਕਿ ਅਧਿਆਪਕ ਜਸਪ੍ਰੀਤ ਅਨੇਕਾਂ ਹੋਰ ਐਵਾਰਡਾਂ ਸਮੇਤ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਵੀ ਭਾਗੀਦਾਰੀ ਸਰਟੀਫਿਕੇਟ ਵੀ ਜਿੱਤ ਚੁੱਕਾ ਹੈ। ਇਸ ਕਲਾ ਨਾਲ ਜੁੜੀਆਂ ਵੱਖ ਵੱਖ ਸਖਸ਼ੀਅਤਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।