ਪੱਤਰ ਪ੍ਰੇਰਕ
ਸਮਰਾਲਾ, 30 ਅਕਤੂਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਗਰਾਲੀ ਸਿੱਖਾਂ ਵਿੱਚ ਖੇਤੀਬਾੜੀ ਅਫ਼ਸਰ ਸਮਰਾਲਾ ਡਾ. ਗੌਰਵ ਧੀਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਰਾਹੀਂ ਕਿਸਾਨਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਕਰਨਾ ਸੀ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਗਰਾਲੀ ਸਿੱਖਾਂ ਦਾ ਸਟਾਫ਼ ਹਾਜ਼ਰ ਸੀ। ਸਮਾਗਮ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਇਸ ਸੀਜਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਕੇਸਾਂ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਵਿਭਾਗ ਵੱਲੋਂ ਦੱਸੇ ਗਏ ਨੁਕਤਿਆਂ ਰਾਹੀਂ ਜਿੱਥੇ ਪਰਾਲੀ ਨੂੰ ਵਿੱਚ ਵਾਹ ਰਹੇ ਹਨ, ਉੱਥੇ ਹੀ ਪਰਾਲੀ ਦੀਆਂ ਗੱਠਾਂ ਬਣਾ ਕੇ ਇਸ ਨੂੰ ਖੇਤ ਵਿੱਚੋਂ ਬਾਹਰ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਬਲਾਕ ਸਮਰਾਲਾ ਦੇ ਕਿਸਾਨਾਂ ਦੇ ਯਤਨਾਂ ਸਦਕਾ ਇਸ ਸਾਲ ਪਰਾਲੀ ਦੇ ਝੋਨੇ ਦੇ ਨਾੜ ਨੂੰ ਅੱਗ ਲੱਗਣ ਦੇ ਕੇਸਾਂ ਵਿੱਚ ਕਮੀ ਆਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਦੇ ਲਾਭਾਂ ਅਤੇ ਇਸ ਵਿੱਚ ਹੋਣ ਵਾਲੇ ਵਰਤੇ ਜਾਣ ਵਾਲੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਜਾਗਰੂਕ ਕੀਤਾ।