ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਦਸੰਬਰ
ਪੱਖੋਵਾਲ ਮਾਰਗ ਦੇ ਰੇਲਵੇ ਅੰਡਰਬ੍ਰਿਜ (ਆਰ.ਯੂ.ਬੀ.) ਅਤੇ ਰੇਲ ਓਵਰਬ੍ਰਿਜ (ਆਰ.ਓ.ਬੀ.) ਪ੍ਰਾਜੈਕਟ ਦੇ ਚੱਲ ਰਹੇ ਨਿਰਮਾਣ ਦੇ ਮੱਦੇਨਜ਼ਰ ਪੱਖੋਵਾਲ ਰੋਡ (ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ) ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਇਸ ਸਬੰਧੀ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐੱਲ.ਐੱਸ.ਸੀ.ਐੱਲ.) ਦੇ ਸੀਈਓ-ਕਮ-ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਖੋਵਾਲ ਰੋਡ ਰੇਲਵੇ ਕਰਾਸਿੰਗ ਉੱਤੇ ਰੇਲਵੇ ਓਵਰਬ੍ਰਿਜ ਅਤੇ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਤਹਿਤ ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਚੌਕ ਤੱਕ ਜਾਂਦੇ ਮਾਰਗ ਨੂੰ ਬੰਦ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਹ ਨੂੰ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਾਸਤਰੀ ਨਗਰ ਰੇਲਵੇ ਫਾਟਕਾਂ ਤੋਂ ਹੁੰਦੇ ਹੋਏ, ਇਸ਼ਮੀਤ ਸਿੰਘ ਚੌਕ, ਕ੍ਰਿਸ਼ਨਾ ਮੰਦਿਰ, ਮਾਡਲ ਟਾਊਨ ਐਕਸਟੈਸ਼ਨ ਰੋਡ ਤੋਂ ਇਲਾਵਾ ਹੋਰ ਰਸਤਿਆਂ ਨੂੰ ਵਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਵਾਹਨਾਂ ਦੀ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀ ਰਸਤੇ ਅਪਣਾਉਣ ਕਿਉਂਕਿ ਪੱਖੋਵਾਲ ਰੋਡ ਦਾ ਇਹ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਉਧਰ ਸੁਪਰਇਨਟੈਂਡਿੰਗ ਇੰਜਨੀਅਰ ਰਾਹੁਲ ਗਗਨੇਜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਐੱਲ.ਐੱਸ.ਸੀ.ਐੱਲ. ਵੱਲੋਂ ਫੰਡ ਦਿੱਤਾ ਜਾਵੇਗਾ ਅਤੇ ਦੋ ਮੌਜੂਦਾ ਪੁਲਾਂ ਵਿਚੋਂ ਇਕ ਨੂੰ ਚੌੜਾ ਕੀਤਾ ਜਾਵੇਗਾ ਤੇ ਦੂਸਰੇ ਪੁਲ ‘ਤੇ ਦੋਵੇਂ ਪਾਸਿਓਂ ਆਵਾਜਾਈ ਬਹਾਲ ਰਹੇਗੀ।