ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 17 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਵੱਲੋਂ ਵਰ੍ਹਦੇ ਮੀਂਹ ਦੌਰਾਨ ਵੀ 22ਵੇਂ ਦਿਨ ਪੱਕਾ ਮੋਰਚਾ ਜਾਰੀ ਰਿਹਾ। ਪਿੰਡ ਕੋਟ ਆਗਾ ਵਿਚ ਚੱਲ ਰਹੇ ਮੋਰਚੇ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦਾ ਜੋਸ਼ ਮੱਠਾ ਨਹੀਂ ਪਿਆ। ਗ਼ੁੱਸੇ ਦੇ ਭਰੇ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਕੋਟ ਆਗਾ, ਜਸਵੰਤ ਸਿੰਘ ਭੱਟੀਆਂ ਢਾਹਾਂ, ਜਸਵੀਰ ਸਿੰਘ ਕੋਟ ਆਗਾ, ਹਰਪ੍ਰੀਤ ਕੌਰ ਗੁੱਜਰਵਾਲ, ਰਣਜੀਤ ਕੌਰ ਕੋਟ ਆਗਾ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਕਿਹਾ ਕਿ ਮੋਦੀ ਹਕੂਮਤ ਅਤੇ ਸੂਬਾ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਸਰਕਾਰੀ ਨੁਮਾਇੰਦਿਆਂ, ਵਿਧਾਇਕਾਂ ਅਤੇ ਮੰਤਰੀਆਂ ਦਾ ਪਿੰਡਾਂ ਵਿਚ ਦਾਖਲ ਹੋਣਾ ਮੁਸ਼ਕਲ ਕਰ ਦਿੱਤਾ ਜਾਵੇਗਾ।
ਕਿਸਾਨ ਆਗੂ ਸੁਖਵਿੰਦਰ ਸਿੰਘ ਬਿੱਲੂ, ਪ੍ਰਿਤਪਾਲ ਸਿੰਘ ਗੁੱਜਰਵਾਲ ਅਤੇ ਕਮਿੱਕਰ ਸਿੰਘ ਨੇ ਕਿਹਾ ਕਿ ਭੂਮੀ ਗ੍ਰਹਿਣ ਅਤੇ ਮੁੜ ਵਸੇਬਾ ਕਾਨੂੰਨ ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਲਏ ਬਿਨਾਂ ਮੋਰਚਾ ਖ਼ਤਮ ਨਹੀਂ ਕੀਤਾ ਜਾਵੇਗਾ। ਸਕੂਲੀ ਵਿਦਿਆਰਥੀਆਂ ਗੁਰਸੇਵਕ ਸਿੰਘ ਅਤੇ ਗੁਰਕੀਰਤ ਸਿੰਘ ਨੇ ਵੀ ਪੂਰੇ ਜੋਸ਼ ਨਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।