ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਸਤੰਬਰ
ਪੰਚਾਇਤ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਪੱਤਰ ਭਰਨ ਦਾ ਪਹਿਲਾ ਦਿਨ ਹੈ ਪਰ ਇਸ ਸਬੰਧੀ ਅੱਜ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਅਧੂਰੇ ਪਾਏ ਗਏ ਅਤੇ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ। ਬਲਾਕ ਪੰਚਾਇਤ ਦਫ਼ਤਰ ਵਿਚ ਨਾਮਜ਼ਦਗੀ ਪੱਤਰ ਸਬੰਧੀ ਦਸਤਾਵੇਜ਼ ਇਕੱਤਰ ਕਰਨ ਆਏ ਪਰਮਿੰਦਰ ਤਿਵਾੜੀ, ਜਸਦੇਵ ਸਿੰਘ ਟਾਂਡਾ ਅਤੇ ਕਈ ਹੋਰਨਾਂ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ ਪਰ ਪ੍ਰਬੰਧ ਅਧੂਰੇ ਹਨ।
ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਨਵੀਂ ਵੋਟਰ ਸੂਚੀ ਹੀ ਨਹੀਂ ਹੈ। ਪਰਮਿੰਦਰ ਤਿਵਾੜੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਬੰਧੀ ਚੁੱਲ੍ਹਾ ਟੈਕਸ ਦੀ ਰਸੀਦ ਕਟਾਉਣੀ ਜ਼ਰੂਰੀ ਹੁੰਦੀ ਹੈ ਪਰ ਇੱਥੇ ਕਿਸੇ ਅਧਿਕਾਰੀ ਕੋਲ ਰਸੀਦ ਹੀ ਨਹੀਂ ਹੈ। ਕੁਝ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਐੱਨਓਸੀ ਦੀ ਜ਼ਰੂਰਤ ਹੈ ਪਰ ਪੰਚਾਇਤ ਵਿਭਾਗ ਦੇ ਦਫ਼ਤਰ ਵਿਚ ਇਸ ਸਬੰਧੀ ਕੋਈ ਅਧਿਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਕਾਫ਼ੀ ਘੱਟ ਰਹਿ ਗਿਆ ਹੈ ਅਤੇ ਉਹ ਕਦੋਂ ਦਸਤਾਵੇਜ਼ ਮੁਕੰਮਲ ਕਰ ਕੇ ਦਾਖ਼ਲ ਕਰਨਗੇ। ਕੁਝ ਉਮੀਦਵਾਰਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਚੋਣਾਂ ਲਈ ਸਮਾਂ ਢੁੱਕਵਾਂ ਹੀ ਨਹੀਂ ਕਿਉਂਕਿ ਪਿੰਡਾਂ ’ਚ ਲੋਕ ਝੋਨੇ ਦੀ ਕਟਾਈ ਵਿਚ ਰੁਝੇ ਹੋਏ ਹਨ ਅਤੇ ਉਹ ਆਪਣੀ ਫ਼ਸਲ ਸਾਂਭਣ ਜਾਂ ਦਫ਼ਤਰਾਂ ਦੇ ਚੱਕਰ ਲਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ।
ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ: ਪੰਚਾਇਤ ਅਫ਼ਸਰ
ਬਲਾਕ ਪੰਚਾਇਤ ਅਫ਼ਸਰ ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਦੀ ਨਵੀਂ ਵੋਟਰ ਸੂਚੀ ਸ਼ਾਮ ਤੱਕ ਪੁੱਜ ਜਾਵੇਗੀ। ਵੋਟਰ ਸੂਚੀ ਲੈਣ ਲਈ ਦਫ਼ਤਰ ਤੋਂ ਅਧਿਕਾਰੀ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਛੁੱਟੀ ਹੋਣ ਦੇ ਬਾਵਜੂਦ ਦਫ਼ਤਰੀ ਸਟਾਫ਼ ਮੌਕੇ ’ਤੇ ਮੌਜੂਦ ਰਹੇਗਾ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਹੀਂ ਭਰੇ ਕਾਗਜ਼
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਅਹਿਮਦਗੜ੍ਹ ਅਧੀਨ ਪੈਂਦੇ 60 ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ 475 ਪੰਚਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਦੇ ਪਹਿਲਾਂ ਦਿਨ ਦੁਪਹਿਰ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਤੋਂ ਸੰਭਾਵੀ ਉਮੀਦਵਾਰਾਂ ਤੇ ਸਮਰਥਕਾਂ ਨੇ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿਖੇ ਜਾਣਕਾਰੀ ਲੈਣ ਲਈ ਪਹੁੰਚ ਕੀਤੀ। ਅੱਜ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਨਹੀਂ ਕੀਤੇ।
ਐੱਸ ਡੀ ਐੱਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਸਬਡਵੀਜਨ ਦੀਆਂ ਨਿਰਧਾਰਿਤ ਥਾਵਾਂ ‘ਤੇ ਆਪਣੇ ਦਫ਼ਤਰ ਸਥਾਪਿਤ ਕਰ ਲਏ ਹਨ ਜਿੱਥੇ 4 ਅਕਤੂਬਰ ਤੱਕ ਕੰਮਕਾਰ ਵਾਲੇ ਦਿਨਾਂ ਦੌਰਾਨ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਾਣਗੇ। ਜ਼ਿਲ੍ਹੇ ਦੇ 1,98,503 ਯੋਗ ਵੋਟਰਾਂ ਵੱਲੋਂ 176 ਸਰਪੰਚ ਅਤੇ 1,178 ਪੰਚਾਂ ਦੀ ਚੋਣ ਕੀਤੀ ਜਾਵੇਗੀ। ਜਿਲ੍ਹੇ ਵਿੱਚ ਕੁੱਲ 1,05,130 ਪੁਰਸ਼ ਅਤੇ 93,937 ਮਹਿਲਾ ਵੋਟਰ ਹਨ। ਅਹਿਮਦਗੜ੍ਹ ਬਲਾਕ ਵਿੱਚ 20 ਸੀਟਾਂ ਮਹਿਲਾ ਸਰਪੰਚਾਂ ਲਈ ਅਤੇ 10 ਸੀਟਾਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਾਤੀ (ਮਹਿਲਾ) ਲਈ ਰਾਖਵੀਆਂ ਹਨ। ਸਰਪੰਚ ਦੀ ਚੋਣ ਲਈ ਖਰਚੇ ਦੀ ਉਪਰਲੀ ਸੀਮਾ 40,000 ਰੁਪਏ ਰੱਖੀ ਗਈ ਹੈ। ਪੰਚ ਦੀ ਪੋਸਟ ਲਈ ਇਹ ਅੰਕੜਾ 30,000 ਰੁਪਏ ਹੈ।