ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਸਤੰਬਰ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ 15 ਅਕਤੂੁਬਰ ਤੋਂ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 27 ਸਤੰਬਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਪਰ ਅੱਜ 25 ਸਤੰਬਰ ਸ਼ਾਮ ਤੱਕ ਮਾਛੀਵਾੜਾ ਸਾਹਿਬ ਬਲਾਕ ਦੇ 116 ਪੰਚਾਇਤਾਂ ਦੇ ਸੰਭਾਵੀ ਉਮੀਦਵਾਰਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿੰਡ ਜਨਰਲ ਹੈ ਜਾਂ ਰਾਖਵਾਂ। ਬੇਸ਼ੱਕ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵੱਲੋਂ 116 ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਤਿਆਰ ਕਰ ਜ਼ਿਲ੍ਹਾ ਪ੍ਰਸਾਸ਼ਨ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈੈ ਪਰ ਹਾਲੇ ਤੱਕ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿ ਕਿਹੜਾ ਪਿੰਡ ਜਨਰਲ ਹੈ ਤੇ ਕਿਹੜਾ ਰਾਖਵਾਂ। ਪ੍ਰਾਪਤ ਜਾਣਕਾਰ ਅਨੁਸਾਰ ਮਾਛੀਵਾੜਾ ਸਾਹਿਬ ਦੀਆਂ 116 ਪੰਚਾਇਤਾਂ ’ਚੋਂ 50 ਫੀਸਦ ਔਰਤਾਂ ਲਈ ਰਾਖਵੀਆਂ ਹੋਣਗੀਆਂ। ਇਸ ਦੇ ਨਾਲ ਹੀ ਕੁਲ ਗਿਣਤੀ ਵਿੱਚੋਂ 33 ਫੀਸਦ ਪਿੰਡ ਐੱਸਸੀ/ਬੀਸੀ ਵਰਗ ਲਈ ਰਾਖਵੇਂ ਰੱਖੇ ਜਾਣਗੇ। ਪਿੰਡਾਂ ਵਿੱਚ ਜਿਹੜੇ ਉਮੀਦਵਾਰ ਪੰਚ ਦੀਆਂ ਚੋਣਾਂ ਲੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪਿੰਡ ਦਾ ਕਿਹੜਾ ਵਾਰਡ ਜਨਰਲ ਹੈ ਜਾਂ ਕਿਹੜਾ ਰਾਖਵਾਂ।
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਲਕੇ ਪ੍ਰਸਾਸ਼ਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਲਈ ਰਾਖਵਾਂਕਰਨ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਪਰ ਉਸ ਤੋਂ ਪਹਿਲਾਂ ਹੀ ਪਿੰਡਾਂ ਵਿੱਚ ਕਈ ਸੰਭਾਵੀ ਉਮੀਦਵਾਰ ਹਨ ਜਿਨ੍ਹਾਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਸਰਬ ਸੰਮਤੀ ਸਬੰਧੀ ਵੀ ਮੀਟਿੰਗਾਂ ਹੋ ਰਹੀਆਂ ਹਨ।
ਰਾਖਵੇਂਕਰਨ ਕਾਰਨ ਕਈ ਆਗੂਆਂ ਹੱਥੋਂ ਖੁੰਝੇਗੀ ਸਰਪੰਚੀ
ਮਾਛੀਵਾੜਾ ਸਾਹਿਬ ਬਲਾਕ ਦੇ 116 ਪੰਚਾਇਤਾਂ ਦੀ, ਜੋ ਸੂਚੀ ਪੰਚਾਇਤ ਵਿਭਾਗ ਵੱਲੋਂ ਰਾਖਵਾਂਕਰਨ ਲਈ ਤਿਆਰ ਕੀਤੀ ਹੈ, ਜੇਕਰ ਉਹ ਲਾਗੂ ਹੋ ਜਾਂਦੀ ਹੈ ਤਾਂ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਿਤ ਅਜਿਹੇ ਕਈ ਆਗੂ ਖੁਦ ਚੋਣ ਲੜਨ ਦਾ ਮੌਕਾ ਗੁਆ ਬੈਠਣਗੇ।
ਪ੍ਰਸਾਸ਼ਨ ਦੀ ਪ੍ਰਵਾਨਗੀ ਮਗਰੋਂ ਜਾਰੀ ਹੋਵੇਗੀ ਸੂਚੀ: ਬੀਡੀਪੀਓ
ਇਸ ਸਬੰਧੀ ਬਲਾਕ ਪੰਚਾਇਤ ਅਫ਼ਸਰ ਰੁਪਿਦੰਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਬਲਾਕ ਦੇ 116 ਪਿੰਡਾਂ ਦੇ ਰਾਖਵਾਂਕਰਨ ਦੀ ਸੂਚੀ ਤਿਆਰ ਕਰਕੇ ਪ੍ਰਸਾਸ਼ਨ ਨੂੰ ਪ੍ਰਵਾਨਗੀ ਲਈ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਵਾਨਗੀ ਤੋਂ ਬਾਅਦ ਸੂਚੀ ਆ ਜਾਵੇਗੀ ਤਾਂ ਜਨਤਕ ਕਰ ਦਿੱਤੀ ਜਾਵੇਗੀ।