ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 23 ਸਤੰਬਰ
ਜ਼ਿਲ੍ਹਾ ਮਾਲੇਰਕੋਟਲਾ ਦੇ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਵੱਲੋਂ ਕੀਤੀ ਗਈ ਅਪੀਲ ਮਗਰੋਂ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਛੋਟੇ-ਮੋਟੇ ਝਗੜੇ ਪਿੰਡ ਪੱਧਰ ’ਤੇ ਹੱਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਰੁਝਾਨ ਨਾਲ ਸਬੰਧਤ ਧਿਰਾਂ ਦਾ ਸਮਾਂ, ਊਰਜਾ ਤੇ ਸੋਮੇ ਬਚਣ ਤੋਂ ਇਲਾਵਾ ਪੁਲੀਸ ਅਧਿਕਾਰੀਆਂ ਦਾ ਵੀ ਸਮਾਂ ਬਚੇਗਾ ਜੋਕਿ ਜੁਰਮ ਨੂੰ ਰੋਕਣ ਅਤੇ ਹੱਲ ਕਰਨ ਲਈ ਵਰਤੇ ਜਾ ਸਕਦੇ ਹੇਨ। ਆਪਣੀ ਅਪੀਲ ਨੂੰ ਮਿਲੇ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਐੱਸ ਐੱਸ ਪੀ ਅਵਨੀਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਇਲਾਕੇ ਦੇ ਥਾਣਾ ਮੁਖੀਆਂ ਤੇ ਬੀਟ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਇਲਾਕੇ ਵਿੱਚ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਵਿੱਚ ਮਦਦ ਵੀ ਕਰਨ । ਐੱਸਐੱਸਪੀ ਸਿੱਧੂ ਨੇ ਦਲੀਲ ਦਿੱਤੀ ਕਿ ਪੰਚਾਇਤਾਂ ਦੇ ਅਹੁਦੇਦਾਰਾਂ ਅਤੇ ਸਮਾਜਿਕ ਆਗੂਆਂ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਕਰਵਾਏ ਗਏ ਫ਼ੈਸਲਿਆਂ ਨਾਲ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਮਨਾਂ ਵਿੱਚ ਪਿਆਰ ਵਧਦਾ ਹੈ ਅਤੇ ਨਫ਼ਰਤ ਘਟਦੀ ਹੈ। ਥਾਣਾ ਸਦਰ ਦੇ ਐੱਸ ਐੱਚ ਓ ਗਗਨਦੀਪ ਸਿੰਘ ਨੇ ਦਾਅਵਾ ਕੀਤਾ ਕਿ ਜੰਡਾਲੀ, ਬੌੜ੍ਹਾਈ, ਕੰਗਣਵਾਲ, ਮੋਮਨਾਬਾਦ, ਅਕਬਰਪੁਰ ਛੰਨਾਂ ਅਤੇ ਇੰਦਰਾ ਕਲੋਨੀ ਦੇ ਚੁਣੇ ਹੋਏ ਸਰਪੰਚਾਂ, ਪੰਚਾਂ, ਖੇਡ ਕਲੱਬਾਂ ਦੇ ਆਹੁਦੇਦਾਰਾਂ ਅਤੇ ਪਤਵੰਤਿਆਂ ਨੇ ਆਪਸੀ ਸਹਿਮਤੀ ਨਾਲ ਫੈਸਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।