ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਸਤੰਬਰ
ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ‘ਓਮ ਜੈ ਜਗਦੀਸ਼ ਹਰੇ’ ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 185ਵਾਂ ਜਨਮ ਦਿਨ ਮਨਾਇਆ ਗਿਆ। ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਅਸ਼ਵਨੀ ਗਰਗ ਦੀ ਪ੍ਰਧਾਨਗੀ ਹੇਠ ਨਵ ਦੁਰਗਾ ਮਾਤਾ ਮੰਦਰ ਵਿੱਚ ਹੋਏ ਸਮਾਗਮ ਦੌਰਾਨ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਸਿੱਧ ਉਦਯੋਗਪਤੀ ਅਵਿਨਾਸ਼ ਗੁਪਤਾ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਦਰਸ਼ਨ ਅਰੋੜਾ, ਸੰਜੇ ਵਰਮਾ, ਅਮਰਜੀਤ ਸਿੰਘ ਟਿੱਕਾ, ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਜਸਬੀਰ ਸਿੰਘ ਜੱਸਲ, ਕਰਨੈਲ ਸਿੰਘ ਗਿੱਲ, ਕਰਨਲ ਐਚਐਸ ਕਾਹਲੋਂ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ।
ਇਸ ਮੌਕੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ, ਕ੍ਰਿਸ਼ਨ ਕੁਮਾਰ ਬਾਵਾ ਅਤੇ ਅਸ਼ਵਨੀ ਗਰਗ ਨੇ ਹਿਮਾਚਲ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਪ੍ਰੋਫੈਸਰ ਐੱਚਐੱਸ ਬੇਦੀ, ਇਤਿਹਾਸਕਾਰ ਡਾ. ਸਵਰਾਜ ਸਿੰਘ, ਸੰਜੇ ਮਹਿੰਦਰੂ, ਗੁਰਿੰਦਰ ਸਿੰਘ ਕੈਰੋਂ, ਅਰੁਣ ਸ਼ਰਮਾ, ਅਰੁਣ ਢਾਂਡਾ, ਐੱਸਕੇ ਗੁਪਤਾ, ਸੁਭਾਸ਼ ਦੁਗਲ, ਡਾ. ਬੀਸੀ ਗੁਪਤਾ ਆਈਏਐੱਸ, ਰਾਜਿੰਦਰ ਸਿੰਘ ਬਸੰਤ, ਕਮਲਜੀਤ ਸੋਈ, ਡਾ. ਸਿਰਾਜਦੀਨ ਬਾਲੀ, ਅਸ਼ੋਕ ਸ਼ਰਮਾ, ਬਰਿਜਮੋਹਨ ਕਾਲੀਆ, ਅੰਤਰਿਕਸ਼ ਚੁੱਘ ਅਤੇ ਬਲਜੀਤ ਮਾਲੜਾ ਨੂੰ ਪੰਡਿਤ ਸ਼ਰਧਾ ਫਿਲੌਰੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ੍ਰੀ ਬਾਵਾ ਅਤੇ ਡਾ. ਬਲਬੀਰ ਸਿੰਘ ਸ਼ਾਹ ਨੇ ਮਤੇ ਪੇਸ਼ ਕਰਦਿਆਂ ਮੰਗ ਕੀਤੀ ਕਿ ਫਿਲੌਰ ਰੇਲਵੇ ਸਟੇਸ਼ਨ ਦਾ ਨਾਂਅ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂਅ ’ਤੇ ਰੱਖਿਆ ਜਾਵੇ, ਪੰਜਾਬੀ ਯੂਨੀਵਰਸਿਟੀ ਵਿੱਚ ਪੰਡਿਤ ਜੀ ਦੇ ਨਾਂਅ ’ਤੇ ਚੇਅਰ ਸਥਾਪਤ ਕੀਤੀ ਜਾਵੇ, ਸਰਕਾਰ ਛੁੱਟੀ ਦਾ ਐਲਾਨ ਕਰਕੇ ਫਿਲੌਰ ਵਿੱਚ ਪੰਡਿਤ ਜੀ ਦਾ ਜਨਮ ਦਿਹਾੜਾ ਸਰਕਾਰੀ ਪੱਧਰ ’ਤੇ ਮਨਾਇਆ ਜਾਵੇ। ਇਸ ਮੌਕੇ ਨੀਰੂ ਸ਼ਰਮਾ ਅਤੇ ਮਾਧਵ ਰਾਸ ਮੰਡਲ ਨੇ ਭਜਨਾਂ ਦਾ ਗਾਇਨ ਕੀਤਾ ਜਦਕਿ ਉੱਘੇ ਵਿਦਵਾਨ ਪ੍ਰੋ. ਐੱਚਐੱਸ ਬੇਦੀ ਅਤੇ ਡਾ. ਸਵਰਾਜ ਸਿੰਘ ਨੇ ਪੰਡਿਤ ਫਿਲੌਰੀ ਦੇ ਜੀਵਨ ਬਾਰੇ ਰੌਸ਼ਨੀ ਪਾਈ।