ਰਾਮ ਗੋਪਾਲ ਰਾਏਕੋਟੀ
ਰਾਏਕੋਟ, 22 ਫਰਵਰੀ
ਬੀਤੇ ਦਿਨੀਂ ਵਿਸ਼ਵਕਰਮਾਂ ਮੋਟਰ ਗੈਰਿਜ ਦੱਧਾਹੂਰ ਵਿੱਚ ਹੋਈ ਚੋਰੀ ਦੀ ਘਟਨਾ ਦੇ ਸਬੰਧ ’ਚ ਪਿੰਡ ਪੰਡੋਰੀ ਦੇ ਕਥਿਤ ਚਾਰ ਸ਼ੱਕੀ ਨੌਜਵਾਨਾਂ ਦੀ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਕੀਤੀ ਗਈ ਕਥਿਤ ਕੁੱਟਮਾਰ ਦੇ ਰੋਸ ਵਜੋਂ ਅੱਜ ਪਿੰਡ ਪੰਡੋਰੀ ਦੇ ਲੋਕਾਂ ਵੱਲੋਂ ਵੱਡੀ ਗਿਣਤੀ ’ਚ ਪੁਲੀਸ ਚੌਕੀ ਜਲਾਲਦੀਵਾਲ ਸਾਹਮਣੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀ ਪਿੰਡ ਦੱਧਾਹੂਰ ਵਿੱਚ ਇੱਕ ਮੋਟਰ ਗੈਰਿਜ ਵਿੱਚ ਹੋਈ ਚੋਰੀ ਦੇ ਸਬੰਧ ’ਚ ਗੈਰਿਜ ਮਾਲਕ ਵੱਲੋਂ ਉਕਤ ਨੌਜਵਾਨ ’ਤੇ ਚੋਰੀ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਜਿਸ ’ਤੇ ਪੁਲੀਸ ਚੌਕੀ ਜਲਾਲਦੀਵਾਲ ਵੱਲੋਂ ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਸੀ, ਜਿਸ ’ਤੇ ਪਿੰਡ ਵਾਸੀਆਂ ਨੇ ਪੁਲੀਸ ਤੇ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਜਸਵੰਤ ਸਿੰਘ ਜੌਹਲ ਅਤੇ ਰਿੰਕਾ ਕੁਤਬਾ ਬਾਹਮਣੀਆਂ ਨੇ ਕਿਹਾ ਕਿ ਜਿੰਨੀ ਦੇਰ ਉਕਤ ਬੇਕਸੂਰ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਸੰਘਰਸ਼ ਜਾਰੀ ਰਹੇਗਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਕਿ ਝੂਠੀ ਇਤਲਾਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਅਤੇ ਨਾਜਾਇਜ਼ ਕੁੱਟਮਾਰ ਕਰਨ ਵਾਲੀ ਪੁਲੀਸ ਮੁਆਫ਼ੀ ਮੰਗੇ। ਇਸ ਮੌਕੇ ਪੁੱਜੇ ਡੀਐੱਸਪੀ ਸੁਖਨਾਜ ਸਿੰਘ ਨੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲ ਕੀਤੀ ਅਤੇ ਧਰਨਾ ਖ਼ਤਮ ਕਰਵਾਇਆ। ਡੀਐੱਸਪੀ ਸੁਖਨਾਜ ਸਿੰਘ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।