ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਜਨਵਰੀ
ਇਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਪਿੰਡ ਸ਼ੇਖੂਪੁਰਾ ਨਜ਼ਦੀਕ ਸਥਿਤ ਚੌਕੀਮਾਨ ਟੌਲ ’ਤੇ ਆਏ ਦਿਨ ਹੰਗਾਮਾ ਖੜ੍ਹਾ ਹੁੰਦਾ ਰਹਿੰਦਾ ਹੈ। ਪਿਛਲੇ ਹਫ਼ਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ‘ਦੁੱਗਣੀ’ ਵਸੂਲੀ ਖ਼ਿਲਾਫ਼ ਟੌਲ ਪਲਾਜ਼ੇ ’ਤੇ ਰੋਸ ਪ੍ਰਗਟਾਵਾ ਕੀਤਾ ਸੀ। ਅੱਜ ਸ਼ਾਮ ਟੌਲ ਪਲਾਜ਼ੇ ’ਤੇ ਫਿਰ ਉਥੋਂ ਲੰਘਣ ਵਾਲੇ ਵਾਹਨ ਚਾਲਕ ਭੜਕ ਗਏ। ਹੱਥਾਂ ’ਚ ਦੁੱਗਣਾ ਟੌਲ ਲਏ ਜਾਣ ਦੀਆਂ ਪਰਚੀਆਂ ਫੜ ਕੇ ਰੋਹ ਪ੍ਰਗਟ ਕਰਦਿਆਂ ਗੁਰਸੇਵਕ ਸਿੰਘ, ਕਰਮ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਤੋਂ ਮਿਥੇ ਰੇਟ ਤੋਂ ਦੁੱਗਣੇ ਰੁਪਏ ਵਸੂਲੇ ਗਏ ਹਨ। ਇਕ ਵਿਅਕਤੀ ਨੇ ਕਿਹਾ ਕਿ ਫਾਸਟੈਗ ਹੋਣ ਦੇ ਬਾਵਜੂਦ ਤਕੀਨਕੀ ਖਰਾਬੀ ਦੱਸ ਕੇ ਨਕਦ ਦੁੱਗਣੇ ਰੁਪਏ ਲੈ ਕੇ ਪਰਚੀ ਕੱਟੀ ਗਈ। ਜ਼ਿਕਰਯੋਗ ਹੈ ਕਿ ਇਹ ਟੌਲ ਸ਼ੁਰੂ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਕਰਕੇ ਹੋਰਨਾਂ ਟੌਲ ਪਲਾਜ਼ਿਆਂ ਵਾਂਗ ਬੰਦ ਹੋ ਗਿਆ ਸੀ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਇਥੇ ਲਗਾਤਾਰ ਸਾਲ ਤੋਂ ਵੱਧ ਸਮੇਂ ਤੱਕ ਧਰਨਾ ਚੱਲਿਆ। ਧਰਨਾਕਾਰੀਆਂ ਨੇ ਕਿਸਾਨ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਟੌਲ ਕੰਪਨੀ ਨਾਲ ਨੇੜਲੇ 16 ਪਿੰਡਾਂ ਦੇ ਮੁਫ਼ਤੇ ਲਾਂਘੇ ਦੀ ਸ਼ਰਤ ਮੰਨੇ ਜਾਣ ’ਤੇ ਧਰਨਾ ਚੁੱਕਿਆ ਸੀ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਕੈਪਟਨ ਕੁਲਰਾਜ ਸਿੰਘ ਤੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਰੋਜ਼ਾਨਾ ਇਸ ਟੌਲ ਪਲਾਜ਼ੇ ’ਤੇ ਜਬਰੀ ਦੁੱਗਣੇ ਰੁਪਏ ਵਸੂਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਜੇਕਰ ਟੌਲ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਅਜਿਹਾ ਕਰਨ ਤੋਂ ਨਾ ਵਰਜਿਆ ਤਾਂ ਜਥੇਬੰਦੀਆਂ ਕੋਈ ਕਦਮ ਚੁੱਕਣ ਲਈ ਮਜਬੂਰ ਹੋਣਗੀਆਂ। ਦੂਜੇ ਪਾਸੇ ਟੌਲ ’ਤੇ ਕੰਮ ਕਰਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਫਾਸਟੈਗ ਤੋਂ ਬਿਨਾਂ ਲੰਘਣ ਵਾਲੀਆਂ ਗੱਡੀਆਂ ਤੋਂ ਨਿਯਮਾਂ ਮੁਤਾਬਕ ਦੁੱਗਣੇ ਰੁਪਏ ਲੈ ਰਹੇ ਹਨ।