ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਮਾਰਚ
ਪੀਏਯੂ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਇੱਕ ਸਮਝੌਤਾ ਕੀਤਾ ਹੈ। ਇਹ ਸਮਝੌਤਾ ਪੱਕੇ ਗੁੰਬਦ ਵਾਲੇ ਪੀ.ਏ.ਯੂ. ਘਰੇਲੂ ਪੱਧਰ ਦੇ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ ਇੱਕ ਮੀਟਰਿਕ ਕਿਊਬ ਤੋਂ ਲੈ ਕੇ 25 ਮੀਟਰਿਕ ਕਿਊਬ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਜਸਵਿੰਦਰ ਸਿੰਘ ਬਰਨਾਲਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖ਼ਤ ਕੀਤੇ। ਇਸ ਸਮਝੌਤੇ ਮੁਤਾਬਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸਬੰਧਤ ਧਿਰ ਕੋਲ ਮੌਜੂਦ ਰਹਿਣਗੇ।
ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਣਾਉਣ ਵਾਲੀ ਗੈਸ ਹੀ ਪੈਦਾ ਹੁੰਦੀ ਹੈ ਬਲਕਿ ਖਾਦ ਦੀ ਵਰਤੋਂ ਕਰਕੇ ਜ਼ਮੀਨ ਦੀ ਸਿਹਤ ਅਤੇ ਫਸਲਾਂ ਦੀ ਉਪਜ ਨੂੰ ਵਧਾਇਆ ਜਾ ਸਕਦਾ ਹੈ। ਡਾ. ਐੱਸਐੱਸ ਸੂਚ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ। ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ। ਇਸ ਤਰ੍ਹਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ। ਇਸ ਪਲਾਂਟ ਦੀ ਮਿਆਦ ਵੀ ਤਕਰੀਬਨ 25 ਸਾਲ ਹੈ ਅਤੇ ਇਹ ਸਾਰਾ ਢਾਂਚਾ ਜ਼ਮੀਨ ਹੇਠ ਹੁੰਦਾ ਹੈ। ਤਕਨਾਲੋਜੀ ਮਾਰਕੀਟਿੰਗ ਸੈੱਲ ਅਨੁਸਾਰ ਪੀ.ਏ.ਯੂ. ਨੇ ਹੁਣ ਤੱਕ 62 ਤਕਨੀਕਾਂ ਦੇ ਪਸਾਰ ਲਈ 262 ਸੰਧੀਆਂ ਕੀਤੀਆਂ ਹਨ।