ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀ.ਏ.ਯੂ. ਨੇ ਲੁਧਿਆਣਾ ਸਥਿਤ ਕੰਪਨੀ ਪਰਮ ਹਾਈਟੈੱਕ ਨਾਲ ਇੱਕ ਸਮਝੌਤਾ ਕੀਤਾ ਹੈ। ਇਹ ਸਮਝੌਤਾ ਪਰਾਲੀ ਤੋਂ ਬਾਇਓਗੈਸ ਪਲਾਂਟ ਬਣਾਉਣ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ। ਇਸ ਤਕਨੀਕ ਵਿੱਚ ਲੋਹੇ ਦੀ ਹਲਕੀ ਚਾਦਰ ਨੂੰ ਉਪਰ ਅਤੇ ਜ਼ਮੀਨ ’ਤੇ ਵਰਤ ਕੇ ਬਾਇਓਗੈਸ ਪਲਾਂਟ ਉਸਾਰਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸਬੰਧਿਤ ਫਰਮ ਵੱਲੋਂ ਪਰਮਜੀਤ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ’ਤੇ ਦਸਤਖਤ ਕੀਤੇ। ਇਸ ਸਮਝੌਤੇ ਮੁਤਾਬਿਕ ਪਰਮ ਹਾਈਟੈੱਕ ਕੋਲ ਇਸ ਤਕਨੀਕ ਦੇ ਭਾਰਤ ਵਿੱਚ ਵਪਾਰੀਕਰਨ ਕਰਨ ਦੇ ਅਧਿਕਾਰ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਡਾ. ਬੈਂਸ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ । ਵਧੀਕ ਨਿਰਦੇਸ਼ਕ ਖੋਜ ਬਾਗਬਾਨੀ ਅਤੇ ਭੋਜਨ ਵਿਗਿਆਨ ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਵਿਕਸਿਤ ਇਸ ਤਕਨੀਕ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਪਰਮ ਹਾਈਟੈਕ ਫਰਮ ਨੂੰ ਵਧਾਈ ਦਿੱਤੀ । ਡਾ. ਰਾਜਨ ਅਗਰਵਾਲ ਨੇ ਤਕਨੀਕ ਬਾਰੇ ਦੱਸਿਆ ਕਿ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਪੈਦਾ ਕਰਕੇ ਰਸੋਈ ਅਤੇ ਊਰਜਾ ਪੈਦਾ ਕਰਨ ਲਈ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ।