ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਪਰੈਲ
ਪੀਏਯੂ ਅਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਢੱਡਾ ਸਥਿਤ ਖੇਤੀ ਮਸ਼ੀਨਰੀ ਫਰਮ ਮੈਸਰਜ਼ ਹੁਸ਼ਿਆਰਪੁਰ ਸਟੀਲਜ਼ ਵਿਚਕਾਰ ਇੱਕ ਸਮਝੌਤੇ ’ਤੇ ਦਸਤਖਤ ਹੋਏ ਹਨ। ਇਹ ਸਮਝੌਤਾ ਟਰੈਕਟਰ ਨਾਲ ਚੱਲਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਪਸਾਰ ਲਈ ਕੀਤਾ ਗਿਆ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਦੇ ਨਾਲ ਖੇਤ ਮਸ਼ੀਨਰੀ ਅਤੇ ਜੈਵਿਕ ਊਰਜਾ ਖੇਤਰ ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੀ.ਏ.ਯੂ. ਦੇ ਇੰਜਨੀਅਰਾਂ ਡਾ. ਰਾਜੇਸ਼ ਗੋਇਲ ਅਤੇ ਡਾ. ਮਨਪ੍ਰੀਤ ਸਿੰਘ ਨੂੰ ਪਰਾਲੀ ਦੀ ਸੰਭਾਲ ਕਰਨ ਵਾਲੀ ਇਸ ਮਸ਼ੀਨਰੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ ।
ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਦੱਸਿਆ ਕਿ ਇਹ ਮਸ਼ੀਨ ਪਰਾਲੀ ਦੀ ਸੰਭਾਲ ਦੇ ਮਾਮਲੇ ਵਿੱਚ ਹੈਪੀਸੀਡਰ ਅਤੇ ਸੁਪਰਸੀਡਰ ਨਾਲੋਂ ਵੀ ਵਿਕਸਿਤ ਟੈਕਨਾਲੋਜੀ ਹੈ।
ਉਨ੍ਹਾਂ ਇਸ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੀਏਯੂ ਸਮਾਰਟ ਸੀਡਰ ਠੀਕ ਤਰੀਕੇ ਨਾਲ ਜ਼ਮੀਨ ਦੀ ਵਹਾਈ ਅਤੇ ਕਣਕ ਦੀ ਬਿਜਾਈ ਨਾਲੋਂ-ਨਾਲ ਕਰਦਾ ਹੈ। ਇਸ ਦੀ ਵਰਤੋਂ ਲਈ 45-50 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ। ਇਹ ਮਸ਼ੀਨ ਹਰ ਘੰਟੇ ਵਿੱਚ 0.4 ਹੈਕਟੇਅਰ ਰਕਬੇ ਦੀ ਬਿਜਾਈ ਕਰ ਲੈਂਦੀ ਹੈ ਅਤੇ ਇਸ ਨੂੰ ਚਲਾਉਣ ਲਈ ਤੇਲ ਦੀ ਖਪਤ ਸਾਢੇ ਪੰਜ ਲਿਟਰ ਪ੍ਰਤੀ ਘੰਟਾ ਆਉਂਦੀ ਹੈ।