ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੂਨ
ਪੀਏਯੂ ਨੇ ਨਾਸਿਕ (ਮਹਾਂਰਾਸ਼ਟਰ) ਸਥਿਤ ਫਰਮ ਮੈਸ. ਸੈਲੀਬ੍ਰੇਟਿੰਗ ਫਾਰਮਰਜ਼ ਨਾਲ ਸਮਝੌਤੇ ’ਤੇ ਦਸਤਖਤ ਕੀਤੇ । ਇਹ ਸਮਝੌਤਾ ਗੰਨੇ ਅਤੇ ਫਲਾਂ ਤੋਂ ਸਿਰਕਾ ਬਣਾਉਣ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨਿਰਦੇਸ਼ਕ ਵਿਪਨ ਸਰੀਨ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ । ਇਸ ਤਕਨਾਲੋਜੀ ਦੇ ਮਾਹਿਰ ਅਤੇ ਪੀਏਯੂ ਦੇ ਮੁੱਖ ਬਾਇਓਤਕਨਾਲੋਜਿਸਟ ਡਾ. ਜੀ ਐੱਸ ਕੋਚਰ ਨੇ ਕਿਹਾ ਕਿ ਪੀ.ਏ.ਯੂ. ਨੇ ਸਿਰਕੇ ਦੀ ਖੋਜ ਵਿੱਚ ਕਾਫੀ ਸਰਗਰਮੀ ਨਾਲ ਕੰਮ ਕੀਤਾ ਹੈ। ਗੰਨਾ, ਅੰਗੂਰ, ਜਾਮਣ ਅਤੇ ਸੇਬ ਦੇ ਸਿਰਕੇ ਦੀ ਤਕਨੀਕ ਦੀ ਸਿਫ਼ਾਰਸ਼ ਅਤੇ ਵਪਾਰੀਕਰਨ ਇਸੇ ਲੜੀ ਦਾ ਹਿੱਸਾ ਹੈ। ਵਧੀਕ ਨਿਰਦੇਸ਼ਕ ਖੋਜ (ਬਾਗਬਾਨੀ ਅਤੇ ਭੋਜਨ ਵਿਗਿਆਨ) ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੁਦਰਤੀ ਸਿਰਕੇ ਦੀ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੀਏਯੂ ਨੇ ਕੁਦਰਤੀ ਸਿਰਕੇ ਦੇ ਵਪਾਰੀਕਰਨ ਲਈ ਹੁਣ ਤੱਕ 6 ਸੰਧੀਆਂ ਕੀਤੀਆਂ ਹਨ । ਇਸ ਮੌਕੇ ਬੇਸਿਕ ਸਾਇੰਸਿਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ, ਡੀਡੀ ਸਰੀਨ, ਗੁਰਪ੍ਰੇਮ ਸਿੰਘ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਇੰਚਾਰਜ ਡਾ. ਅਮਰਜੀਤ ਕੌਰ ਮੌਜੂਦ ਸਨ।