ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.) ਦੀ ਖੇਤੀਬਾੜੀ ’ਵਰਸਿਟੀਆਂ ਦੀ ਰੈਂਕਿੰਗ-2020 ਵਿਚ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਅਤੇ ਖੇਤੀ ਸੰਸਥਾਨਾਂ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਆਨਲਾਈਨ ਰੈਂਕਿੰਗ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।
ਡਾ. ਢਿੱਲੋਂ ਨੇ ਕਿਹਾ ਕਿ ਇਹ ਐਵਾਰਡ ਯੂਨੀਵਰਸਿਟੀ ਵੱਲੋਂ ਕੀਤੇ ਕੰਮ ਨੂੰ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਸਮੁੱਚੇ ਟੀਚਿੰਗ, ਨਾਨ ਟੀਚਿੰਗ ਅਮਲੇ ਅਤੇ ਅਧਿਕਾਰੀਆਂ ਦੀ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪੀਏਯੂ ਵੱਲੋਂ ਬੀਤੇ ਸਾਲਾਂ ਵਿਚ ਕੀਤੀਆਂ ਕੋਸ਼ਿਸ਼ਾਂ ਸਦਕਾ ਨਰਮੇ ਉੱਪਰ ਚਿੱਟੀ ਮੱਖੀ ਦੀ ਸਮੱਸਿਆ ’ਤੇ ਲਗਭਗ ਕਾਬੂ ਪਾ ਲਿਆ ਗਿਆ, ਵਾਤਾਵਰਨ ਪੱਖੀ ਖੇਤੀ ਨਾਲ ਕਿਸਾਨਾਂ ਨੂੰ ਜੋੜਿਆ, ਪਰਾਲੀ ਦੀ ਖੇਤ ਅੰਦਰ ਤੇ ਖੇਤ ਤੋਂ ਬਾਹਰ ਸੰਭਾਲ ਲਈ ਖੋਜਾਂ ਕੀਤੀਆਂ, ਪਾਣੀ ਦੀ ਬੱਚਤ ਲਈ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਵਿਕਾਸ ਵੀ ਪੀਏਯੂ ਵੱਲੋਂ ਕੀਤਾ ਅਹਿਮ ਕਾਰਜ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 1995 ਵਿੱਚ ਪੀਏਯੂ ਨੂੰ ਸਰਵੋਤਮ ਸੂਬਾ ਖੇਤੀਬਾੜੀ ’ਵਰਸਿਟੀ ਦਾ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ। 2017 ਵਿੱਚ ਪੀਏਯੂ ਨੂੰ ਫਿਰ ਤੋਂ ਸੂਬਿਆਂ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਅਤੇ ਤੀਜੀ ਸਭ ਤੋਂ ਵਧੀਆ ਖੋਜ ਸੰਸਥਾ ਮੰਨਦੇ ਹੋਏ ਆਈਸੀਏਆਰ ਨੇ ਸਨਮਾਨਿਆ। 2019 ਵਿਚ ਸਰਦਾਰ ਪਟੇਲ ਆਊਟਸਟੈਂਡਿੰਗ ਇੰਸਚੀਟਿਊਟ ਐਵਾਰਡ ਨਾਲ ਸਨਮਾਨਿਆ ਗਿਆ। 2017 ਵਿਚ ਪੀਏਯੂ ਦੇਸ਼ ਦੀਆਂ ਸਰਵੋਤਮ 100 ਸੰਸਥਾਵਾਂ ਵਿੱਚ ਸ਼ਾਮਿਲ ਹੋਈ ਸੀ ਅਤੇ ਖੇਤੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਮਿਲਿਆ।