ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਲਾਜ਼ਮਾਂ ਦੀ ਕ੍ਰਿਕਟ ਟੀਮ ਨੇ ਸ਼ਿਮਲਾ ਵਿੱਚ ਹੋਏ ਇਕ ਮੈਚ ਦੌਰਾਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਇਸ ਮੈਚ ਵਿੱਚ ਸ਼ਿਮਲਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਖੇਡਦੇ ਹੋਏ ਸ਼ਿਮਲਾ ਦੀ ਟੀਮ ਨੇ ਸੱਤ ਵਿਕਟਾਂ ਗੁਆ ਕੇ 20 ਓਵਰਾਂ ਵਿੱਚ 201 ਦੌੜਾਂ ਬਣਾਈਆਂ। ਸ਼ਿਮਲਾ ਵੱਲੋਂ ਸਭ ਤੋਂ ਵੱਧ 52 ਦੌੜਾਂ ਸਿਧਾਰਥ ਨੇ ਬਣਾਈਆਂ। ਪੀਏਯੂ ਦੀ ਟੀਮ ਵੱਲੋਂ ਕਪਤਾਨ ਵਿਨੋਦ ਕੁਮਾਰ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਟਕਾਂ ਲਈਆਂ। ਇਸੇ ਤਰ੍ਹਾਂ ਉਪ ਕਪਤਾਨ ਗੁਰਇਕਬਾਲ ਸਿੰਘ ਨੇ ਤਿੰਨ ਓਵਰਾਂ ਵਿੱਚ 24 ਦੌੜਾਂ ਦੇ ਕੇ ਇਕ ਵਿਕਟ, ਕੈਲਾਸ਼ ਨੇ ਚਾਰ ਓਵਰਾਂ ਵਿੱਚ 36 ਦੌੜਾਂ ਦੇ ਕੇ ਦੋ ਵਿਕਟਾਂ ਜਦਕਿ ਜਗਤਾਰ ਮਹੇ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਿਮਲਾ ਦੀ ਟੀਮ ਦਾ ਪਿੱਛਾ ਕਰਦੇ ਹੋਏ ਪੀਏਯੂ ਦੀ ਟੀਮ ਦੇ ਕਪਤਾਨ ਵਿਨੋਦ ਕੁਮਾਰ ਅਤੇ ਉਪ ਕਪਤਾਨ ਗੁਰਇਕਬਾਲ ਸਿੰਘ ਸੋਹੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰਮਵਾਰ 62 ਅਤੇ 50 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ। ਇਨ੍ਹਾਂ ਤੋਂ ਇਲਾਵਾ ਦੇਵ ਚੰਡੋਲੀਆ ਨੇ 10, ਅਜੈ ਕੁਮਾਰ ਨੇ 10, ਕਰਮਵੀਰ ਸਿੰਘ ਨੇ ਦੋ ਅਤੇ ਗਗਨਦੀਪ ਸਿੰਘ ਨੇ ਬਿਨਾ ਆਊਟ ਹੋਇਆਂ 27 ਦੌੜਾਂ ਬਣਾਈਆਂ।