ਲੁਧਿਆਣਾ: ਪੀਏਯੂ ਦੀ ਵਿਦਿਆਰਥਣ ਸਾਇਸ਼ਾ ਖੰਨਾ ਨੂੰ ਮਾਣਮੱਤੀ ਏਰਿਸਮਸ ਮੁੰਡਸ ਸਕਾਲਰਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਇਹ ਸਕਾਲਰਸ਼ਿਪ ਪੌਦਿਆਂ ਦੀ ਸਿਹਤ ਸਬੰਧੀ ਯੂਰਪੀਅਨ ਕਮਿਸ਼ਨ ਦੇ ਵਿਸ਼ੇਸ਼ ਪ੍ਰਾਜੈਕਟ ਤਹਿਤ ਦਿੱਤੀ ਜਾ ਰਹੀ ਹੈ। ਇਸ ਸਕਾਲਰਸ਼ਿਪ ਲਈ ਭਾਰਤ ਤੋਂ ਚੁਣੇ ਜਾਣ ਵਾਲੇ 19 ਵਿਦਿਆਰਥੀਆਂ ਵਿੱਚੋਂ ਸਾਇਸ਼ਾ ਇਕਲੌਤੀ ਵਿਦਿਆਰਥਣ ਹੈ। ਸਕਾਲਰਸ਼ਿਪ ਵਿੱਚ 45 ਲੱਖ ਰੁਪਏ ਦੀ ਰਾਸ਼ੀ ਹੋਵੇਗੀ ਜਿਸ ਵਿੱਚ ਵਿਦਿਆਰਥਣ ਦਾ ਬੀਮਾ, ਯਾਤਰਾ ਖਰਚੇ, ਰਿਹਾਇਸ਼ ਤੇ ਖਰਚੇ, ਸਪੈਨਿਸ਼ ਅਤੇ ਫਰੈਂਚ ਭਾਸ਼ਾਵਾਂ ਸਿੱਖਣ ਦੇ ਖਰਚੇ ਅਤੇ ਟਿਊਸ਼ਨ ਫੀਸ ਸ਼ਾਮਲ ਹੋਵੇਗੀ। ਪੀਏਯੂ ਦੇ ਉਪ ਕੁਲਪਤੀ ਅਨਿਰੁਧ ਤਿਵਾੜੀ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮਆਈਐੱਸ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀਪੀ ਐੱਸ ਪੰਨੂ ਨੇ ਸਾਇਸ਼ਾ ਖੰਨਾ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ