ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਦਸੰਬਰ
ਪੀਏਯੂ ਵਿੱਚ ਸੇਵਾਵਾਂ ਦਿੰਦੇ ਦਿਹਾੜੀਦਾਰ ਚੌਂਕੀਦਾਰਾਂ ਅਤੇ ਹੋਰ ਡੀਪੀਐੱਲ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ’ਵਰਸਿਟੀ ਦੇ ਗੇਟਾਂ ਨੂੰ ਤਾਲੇ ਲਗਾਉਣ ਲਈ ਮਜਬੂਰ ਹੋਣਗੇ। ਮੁਲਾਜ਼ਮਾਂ ਨੂੰ ਧਰਨਾ ਦਿੰਦੇ ਹੋਏ ਅੱਜ ਨੌਵਾਂ ਦਿਨ ਹੋ ਗਿਆ ਹੈ। ਦਿਹਾੜੀਦਾਰ ਚੌਂਕੀਦਾਰ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਚਮਕੌਰ ਸਿੰਘ, ਰਾਜ ਕੁਮਾਰ, ਗੁਰੀ ਢੀਂਗਰਾ, ਮਨੀਸ਼ ਕੁਮਾਰ, ਗੁਰਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ’ਵਰਸਿਟੀ ਵਿੱਚ ਚੌਂਕੀਦਾਰਾਂ ਵਜੋਂ ਸੇਵਾਵਾਂ ਦਿੰਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਰੀਬ 7300 ਰੁਪਏ ਅਤੇ ਕਈ ਮੁਲਾਜ਼ਮਾਂ ਨੂੰ 6000 ਰੁਪਏ ਦੀ ਮਾਮੂਲੀ ਤਨਖਾਹ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਤਨਖਾਹ ਵਧਾਉਣ ਅਤੇ ’ਵਰਸਿਟੀ ਵਿੱਚ ਪੱਕੇ ਕਰਨ ਲਈ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਵੱਲੋਂ ਤਨਖਾਹ 18-19 ਹਜ਼ਾਰ ਰੁਪਏ ਕਰਨ, ’ਵਰਸਿਟੀ ਵਿੱਚ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 1-2 ਦਿਨਾਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ’ਵਰਸਿਟੀ ਦੇ ਗੇਟਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ। ਇਸ ਰੋਸ ਨੂੰ ਹੋਰ ਤੇਜ਼ ਕਰਨ ਲਈ ਜੇਕਰ ’ਵਰਸਿਟੀ ਦੇ ਗੇਟਾਂ ਨੂੰ ਤਾਲੇ ਵੀ ਲਗਾਉਣੇ ਪਏ ਤਾਂ ਉਹ ਪਿੱਛੇ ਨਹੀਂ ਹਟਣਗੇ।