ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਮਾਰਚ
ਪੀਏਯੂ ਪੈਨਸ਼ਨਰਜ਼ ਅਤੇ ਪੀਏਯੂ ਐਂਪਲਾਈਜ਼ ਯੂਨੀਅਨ ਨੇ ਮਿਲ ਕੇ ਅੱਜ ਸੱਤਵਾਂ ਪੈਨਸ਼ਨਰਜ਼ ਅਤੇ ਮੁਲਾਜ਼ਮ ਮੇਲਾ ਪੀਏਯੂ ਵਿੱਚ ਲਾਇਆ। ਇਸ ਮੇਲੇ ਦੀ ਕਮੇਟੀ ਦੇ ਯੂਐੱਸਏ ਤੋਂ ਪਹੁੰਚੇ ਚੇਅਰਮੈਨ ਚਰਨ ਸਿੰਘ ਗੁਰਮ ਨੇ ਕਿਹਾ ਕਿ ਇਸ ਸਾਲ ਇਹ ਮੇਲਾ ਸੰਸਾਰ ਅਮਨ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਵਾਰ ਇਹ ਮੇਲਾ ਪੀਏਯੂ ਪੈਨਸ਼ਨਰਜ਼ ਵੱਲੋਂ ਐਗਜ਼ੈਕਟਿਵ ਕੌਂਸਲ ਦੀ ਅਗਵਾਈ ਵਿੱਚ ਯੂਨੀਅਨ ਦੇ ਪ੍ਰਧਾਨ ਡੀਪੀ ਮੌੜ ਅਤੇ ਜਨਰਲ ਸਕੱਤਰ ਜੇਐੱਲ ਨਾਰੰਗ ਦੀ ਪ੍ਰਧਾਨਗੀ ਵਿੱਚ ਜਥੇਬੰਦ ਕੀਤਾ ਗਿਆ। ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸਵਾਗਤੀ ਸ਼ਬਦ ਕਹਿੰਦਿਆਂ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਵਿਸ਼ਾਲ ਏਕਾ ਉਸਾਰਨ ਦਾ ਸੱਦਾ ਦਿੱਤਾ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੀ ਪੈਨਸ਼ਨ ਯੂਨੀਅਨ ਦੇ ਜਨਰਲ ਸਕੱਤਰ ਰਾਜਪਾਲ ਵਰਮਾ ਨੇ ਵੀ ਸ਼ਿਰਕਤ ਕੀਤੀ। ਮੇਲੇ ਵਿੱਚ ਖੁੱਲੇ ਤੌਰ ’ਤੇ ਮਤਾ ਪਾਸ ਕਰਕੇ ਸੰਸਾਰ ਅਮਨ ਦਾ ਸਮਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਰਹਿੰਦੇ ਡੀਏ ਦੀਆਂ ਕਿਸ਼ਤਾਂ ਲਾਗੁ ਕਰਨ ਦੀ ਮੰਗ ਕੀਤੀ ਗਈ।