ਸਤਵਿੰਦਰ ਬਸਰਾ
ਲੁਧਿਆਣਾ, 8 ਨਵੰਬਰ
ਖੇਤੀਬਾੜੀ ਦੀ ਪੜ੍ਹਾਈ ਕਰ ਚੁੱਕੇ ਅਤੇ ਕਰ ਰਹੇ ਵਿਦਿਆਰਥੀਆਂ ਵੱਲੋਂ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਤੇ ਸਰਕਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਆਰੰਭੀ ਗਈ ਹੜਤਾਲ ਦੇ ਅੱਜ ਪੰਜਵੇਂ ਦਿਨ ਰੋਸ ਮਾਰਚ ਕੱਢਿਆ ਗਿਆ। ਸਰਕਾਰ ਵਿਰੁੱਧ ਦਿਨੋਂ ਦਿਨ ਤੇਜ਼ ਹੋ ਰਹੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਵਿੱਚ ਬੀਐੱਸਸੀ ਅਤੇ ਐੱਮਐੰਸਸੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਉਹ ਸਕੂਲਾਂ ਵਿੱਚ ਖੇਤੀਬਾੜੀ ਵਿਸ਼ਾ ਲਾਜ਼ਮੀ ਕਰਨ, ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕਰਨ, ਖੇਤਾਂ ਦੇ ਮਾਸਟਰਾਂ ਦਾ ਵਾਅਦਾ ਯਾਦ ਕਰਵਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਤੱਕ ਨਹੀਂ ਆਇਆ। ਇਨ੍ਹਾਂ ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਉਕਤ ਮੰਗਾਂ ਸਬੰਧੀ ਪਹਿਲਾਂ ਵੀ ਸਰਕਾਰ ਦੇ ਕਈ ਨੁਮਾਇੰਦਿਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਧਰ ਦੇ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਹੀ ਖੇਤੀਬਾੜੀ ਦੀ ਪੜ੍ਹਾਈ ਕਰ ਚੁੱਕੇ ਬਹੁਤੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਜੇਕਰ ਸਰਕਾਰ ਦਾ ਇੰਨਾਂ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਇਹੋ ਰਵੱਈਆ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਵਿਰੁੱਧ ਹੋਰ ਵੱਡੇ ਸੰਘਰਸ਼ ਸ਼ੁਰੂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੋਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਸਰਕਾਰ ਦੇ ਲਾਰਿਆਂ ਅਤੇ ਭੁੱਲ ਚੁੱਕੇ ਵਾਅਦਿਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਇਹ ਰੋਸ ਪ੍ਰਦਰਸ਼ਨ ਹੋਰ ਤੇਜ਼ ਹੁੰਦਾ ਜਾਵੇਗਾ। ਉਨ੍ਹਾਂ ਨੇ ਹੋਰ ਨੌਜਵਾਨਾਂ ਨੂੰ ਵੀ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਤਾਂ ਜੋ ਸਰਕਾਰ ਦੀਆਂ ਵਿਦਿਆਰਥੀ ਅਤੇ ਨੌਜਵਾਨ ਮਾਰੂ ਨੀਤੀਆਂ ਨੂੰ ਮੋੜਾ ਪਾਇਆ ਜਾ ਸਕੇ।