ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦਾ ਰੁਤਬਾ ਦੇਸ਼ ਦੀਆਂ ਮੋਹਰੀ ਖੇਤੀ ਸੰਸਥਾਵਾਂ ਵਿੱਚ ਬਰਕਰਾਰ ਰਿਹਾ ਹੈ। ਭਾਰਤੀ ਖੇਤੀ ਖੋਜ ਸੰਸਥਾਨ ਦੀ ਸਾਲਾਨਾ ਰੈਕਿੰਗ ਅਨੁਸਾਰ ਪੀਏਯੂ ਦੇਸ਼ ਦੀਆਂ ਰਾਜ ਖੇਤੀ ਯੂਨੀਵਰਸਿਟੀਆਂ ਵਿੱਚ ਦੂਜੇ ਦਰਜੇ ਦੀ ’ਵਰਸਿਟੀ ਹੈ। ਖੇਤੀ ਖੋਜ ਪਸਾਰ ਸਿੱਖਿਆ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਇਹ ਰੈਂਕਿੰਗ ਸਾਲ 2020 ਲਈ ਜਾਰੀ ਹੋਈ ਹੈ। ਇਸ ਰੈਂਕਿੰਗ ਮੁਤਾਬਿਕ ਦੇਸ਼ ਦੇ ਖੇਤੀ ਸੰਸਥਾਨ ਵਿੱਚ ਪੀਏਯੂ ਪੰਜਵੇਂ ਸਥਾਨ ’ਤੇ ਹੈ ਪਰ ਖੇਤੀ ’ਵਰਸਿਟੀਆਂ ਦੀ ਰੈਂਕਿੰਗ ਵਿੱਚ ਉਸ ਨੂੰ ਦੂਜਾ ਦਰਜਾ ਹਾਸਲ ਹੈ।
ਅੱਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਤੇ ਦਿਨੀਂ ਜਾਰੀ ਹੋਈ ਰੈਂਕਿੰਗ ਦੇਸ਼ ਦੇ 67 ਖੇਤੀ ਸੰਸਥਾਨ ਦੇ ਕੰਮਕਾਜ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸ ਵਿੱਚ ਨਾ ਸਿਰਫ਼ ਸੂਬਾਈ ਖੇਤੀ ਯੂਨੀਵਰਸਿਟੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਬਲਕਿ ਆਈਸੀਏਆਰ ਦੇ ਸੰਸਥਾਨ ਵੀ ਰੈਂਕਿੰਗ ਪ੍ਰਕਿਰਿਆ ਦਾ ਹਿੱਸਾ ਬਣਦੇ ਹਨ। ਪੀਏਯੂ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਰੈਂਕਿੰਗ ਪ੍ਰਾਪਤ ਹੋਈ ਹੈ।
ਪੀਏਯੂ ਦੇ ਵਾਈਸ ਚਾਂਸਲਰ ਡੀਕੇ ਤਿਵਾੜੀ ਮੁੱਖ ਸਕੱਤਰ (ਖੇਤੀਬਾੜੀ ਅਤੇ ਕਿਸਾਨ ਭਲਾਈ) ਨੇ ਇਸ ਪ੍ਰਾਪਤੀ ਲਈ ਪੀਏਯੂ ਦੇ ਸਮੁੱਚੇ ਅਮਲੇ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।