ਲੁਧਿਆਣਾ: ਪੀਏਯੂ ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਬਾਇਓਕੈਮਿਸਟਰੀ ਵਿਭਾਗ ਦੀ ਪੀਐੱਚਡੀ ਵਿਦਿਆਰਥਣ ਗੁਰਕੰਵਲ ਕੌਰ ਸੇਖੋਂ ਨੂੰ ਸਾਲ 2020-21 ਲਈ ਡਾ. ਏਪੀਜੇ ਅਬਦੁਲ ਕਲਾਮ ਯੁਵਾ ਖੋਜ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਉਸ ਨੂੰ ਇਹ ਫੈਲੋਸ਼ਿਪ ਪੁਣੇ ਦੇ ਟੈਰੇ ਪਾਲਿਸੀ ਸੈਂਟਰ ਵੱਲੋਂ ਕਰਵਾਏ ਆਨਲਾਈਨ ਈਵੈਂਟ ਦੌਰਾਨ ਪ੍ਰਦਾਨ ਕੀਤੀ ਗਈ। ਗੁਰਕੰਵਲ ਸੇਖੋਂ ਦੀ ਚੋਣ ਕੌਮੀ ਪੱਧਰ ’ਤੇ 800 ਉਮੀਦਵਾਰਾਂ ਵਿੱਚੋਂ ਹੋਈ ਹੈ। ਆਪਣੀ ਪੀਐੱਚਡੀ ਖੋਜ ਵਿੱਚ ਉਹ ਝੋਨੇ ਦੀ ਪਰਾਲੀ ਨੂੰ ਈਥਾਨੌਲ ਅਤੇ ਜ਼ਾਇਲੀਟੋਲ ਵਿੱਚ ਬਦਲਾਉਣ ਦੀ ਪ੍ਰਕਿਰਿਆ ’ਤੇ ਕੰਮ ਕਰ ਰਹੀ ਹੈ। ਇਸ ਫੈਲੋਸ਼ਿਪ ਵਿੱਚ 25,000 ਰੁਪਏ ਅਤੇ ਸ਼ੋਭਾ ਪੱਤਰ ਸ਼ਾਮਲ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜੀ ਕੇ ਸਾਂਘਾ ਆਦਿ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ