ਖੇਤਰੀ ਪ੍ਰਤੀਨਿਧ
ਲੁਧਿਆਣਾ , 4 ਜੂਨ
ਪੀਏਯੂ ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਕੈਮਿਸਟਰੀ ਵਿਭਾਗ ਦੀ ਪੀਐੱਚਡੀ ਵਿਦਿਆਰਥਣ ਮਨਜਿੰਦਰ ਕੌਰ ਨੂੰ ਸਾਲ 2020-21 ਲਈ ਡਾ. ਏਪੀਜੇ ਅਬਦੁਲ ਕਲਾਮ ਯੁਵਾ ਖੋਜ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਉਸਨੂੰ ਇਹ ਫੈਲੋਸ਼ਿਪ ਪੁਣੇ ਦੇ ਟੈਰੇ ਪਾਲਿਸੀ ਸੈਂਟਰ ਵੱਲੋਂ ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੀ ਯਾਦ ਵਿੱਚ ਕਰਵਾਏ ਇੱਕ ਆਨਲਾਈਨ ਈਵੈਂਟ ਦੌਰਾਨ ਪ੍ਰਦਾਨ ਕੀਤੀ ਗਈ। ਮਨਜਿੰਦਰ ਦੀ ਚੋਣ ਰਾਸ਼ਟਰੀ ਪੱਧਰ ’ਤੇ 800 ਉਮੀਦਵਾਰਾਂ ਵਿੱਚੋਂ ਹੋਈ ਹੈ। ਉਸਨੇ ਫਾਈਨਲ ਇੰਟਰਵਿਊ ਅਤੇ ਪੇਸ਼ਕਾਰੀ ਲਈ 15 ਖੋਜੀਆਂ ਦਾ ਮੁਕਾਬਲਾ ਕੀਤਾ ਅਤੇ ਇਸ ਫੈਲੋਸ਼ਿਪ ਦੀ ਜੇਤੂ ਬਣੀ। ਆਪਣੀ ਪੀਐੱਚਡੀ ਖੋਜ ਵਿੱਚ ਮਨਜਿੰਦਰ ਕੌਰ, ਕਿੰਨੂ ਦੇ ਫਲ ਦੀ ਵਰਤੋਂ, ਯੋਗਤਾ ਵਧਾਉਣ ਉੱਪਰ ਖੋਜ ਕਰ ਰਹੀ ਹੈ। ਉਸਦੇ ਨਿਗਰਾਨ ਡਾ. ਰਿਤੂ ਟੰਡਨ ਹਨ।