ਸਤਵਿੰਦਰ ਬਸਰਾ
ਲੁਧਿਆਣਾ, 20 ਨਵੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਕਰਵਾਇਆ ਜਾ ਰਿਹਾ ਅੰਤਰ-ਕਾਲਜ ਯੁਵਕ ਮੇਲਾ 2024-25 ਪੂਰੇ ਜੋਬਨ ’ਤੇ ਪਹੁੰਚ ਚੁੱਕਾ ਹੈ। ਅੱਜ ਹੋਏ ਗਰੁੱਪ ਲੋਕ ਨਾਚ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ ਵਿੱਚੋਂ ਸਿਮਰਜੀਤ ਸਿੰਘ ਅਤੇ ਲੜਕੀਆਂ ਵਿੱਚੋਂ ਮਨਪ੍ਰੀਤ ਕੌਰ ਨੂੰ ਵਧੀਆ ਡਾਂਸਰ ਐਲਾਨਿਆ ਗਿਆ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਸਪੈਕਟਰ ਜਨਰਲ ਆਫ ਪੁਲੀਸ, ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਅਤੇ ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਡਾ. ਸੁਮਨ ਲਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਰਜਿਸਟਰਾਰ ਰਿਸ਼ੀਪਾਲ ਸਿੰਘ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੋਂ ਇਲਾਵਾ ਸਮੂਹ ਡੀਨਜ਼, ਡਾਇਰੈਕਟਰਜ਼ ਅਤੇ ਵੱਖੋ ਵੱਖ ਵਿਭਾਗਾਂ ਦੇ ਮੁਖੀ ਉਚੇਚੇ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਮੁਹੰਮਦ ਸਦੀਕ ਨੇ ਕਵੀਸ਼ਰੀ ਨੂੰ ਸੰਗੀਤ ਦਾ ਪਹਿਲਾ ਪੜਾਅ ਦੱਸਦਿਆਂ ਉਨ੍ਹਾਂ ਨੇ ਬਾਬੂ ਰਜਬ ਅਲੀ ਵੱਲੋਂ ਇਸ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਵਿਰਾਸਤੀ ਮੁਕਾਬਲਿਆਂ ਵਿੱਚ ਵਿਖਾਈ ਜਾ ਰਹੀ ਗਰਮਜੋਸ਼ੀ ਲਈ ਪੀ.ਏ.ਯੂ. ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਡਾ. ਸੁਮਨ ਲਤਾ ਨੇ ਪੀ.ਏ.ਯੂ. ਵੱਲੋਂ ਖੇਤੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਅਮੀਰ ਪ੍ਰੰਪਰਾ ਦੀ ਲੜੀ ਨੂੰ ਅੱਗੇ ਤੋਰਨ ਵਿਚ ਪਾਏ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ। ਡਾ. ਜੌੜਾ ਨੇ ਯੁਵਕ ਮੇਲੇ ਵਿਚ ਸ਼ਿਰਕਤ ਕਰ ਰਹੇ ਵਿਦਿਆਰਥੀਆਂ ਅਤੇ ਪਤਵੰਤਿਆਂ ਨੂੰ ਜੀ ਆਇਆ ਕਿਹਾ। ਸੰਯੋਜਕੀ ਸਕੱਤਰ ਡਾ. ਰੁਪਿੰਦਰ ਕੌਰ ਤੂਰ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਸ਼੍ਰੀ ਸਤਵੀਰ ਸਿੰਘ ਨੇ ਯੁਵਕ ਮੇਲੇ ਦੀ ਸਮੁੱਚੀ ਰੂਪਰੇਖਾ ਤੇ ਚਾਨਣਾ ਪਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਸੁਮੇਧਾ ਭੰਡਾਰੀ ਅਤੇ ਡਾ. ਹੀਰਾ ਸਿੰਘ ਨੇ ਨਿਭਾਈ। ਅੱਜ ਦੇ ਵਿਰਾਸਤੀ ਮੁਕਾਬਲਿਆਂ ਵਿੱਚੋਂ ਸਮੂਹਿਕ ਲੋਕ ਨਾਚਾਂ ਵਿਚ ਪਹਿਲਾ ਸਥਾਨ ਖੇਤੀਬਾੜੀ ਕਾਲਜ, ਕਮਿਊਨਟੀ ਸਾਇੰਸ ਕਾਲਜ ਨੇ ਦੂਜਾ ਅਤੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚੋਂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਸਿਮਰਜੀਤ ਸਿੰਘ ਅਤੇ ਲੜਕੀਆਂ ਵਿੱਚੋਂ ਕਮਿਊਨਟੀ ਸਾਇੰਸ ਕਾਲਜ ਦੀ ਮਨਪ੍ਰੀਤ ਕੌਰ ਨੂੰ ਸਰਵੋਤਮ ਡਾਂਸਰ ਐਲਾਨਿਆ ਗਿਆ।