ਸਤਵਿੰਦਰ ਬਸਰਾ
ਲੁਧਿਆਣਾ, 12 ਨਵੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਕਰਵਾਇਆ ਜਾਂਦੇ ਯੁਵਕ ਮੇਲੇ ਦੇ ਅੱਜ ਦੂਜੇ ਦਿਨ ਕੋਲਾਜ਼ ਮੇਕਿੰਗ, ਰੰਗੋਲੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ’ਵਰਸਿਟੀ ਦੇ ਵੱਖ ਵੱਖ ਕਾਲਜਾਂ ਤੋਂ ਮੁਕਾਬਲੇ ਵਿੱਚ ਪਹੁੰਚੇ ਨੌਜਵਾਨ ਫੋਟੋਕਾਰਾਂ ਨੇ ਕ੍ਰਮਵਾਰ ਰੁੱਖਾਂ ਦੇ ਤਣੇ ਵਿੱਚ ਲੁਕੀ ਸੁੰਦਰਤਾ ਅਤੇ ਧੁੰਦ ਵਾਲੇ ਖੇਤ ਵਿਸ਼ਿਆਂ ’ਤੇ ਆਪਣੇ ਫੋਟੋਗ੍ਰਾਫੀ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਯੁਵਕ ਮੇਲੇ ਦੇ ਅੱਜ ਦੂਜੇ ਦਿਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜੀਵਨ ਦੀਆਂ ਚੁਣੌਤੀਆ ਨਾਲ ਨਜਿੱਠਣ ਦੌਰਾਨ ਆਸ਼ਾਵਾਦੀ ਹੋਣ, ਆਪਣੇ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਅਤੇ ਸਮਰਪਿਤ ਰਹਿਣਾ ਹੋਵੇਗਾ। ਅੱਜ ਦਾ ਯੁੱਗ ਚੌਪੱਖੀ ਪ੍ਰਤਿਭਾ ਅਤੇ ਯੋਗਤਾ ਦਾ ਹੈ ਤੇ ਸਵੈ ਵਿਕਾਸ ਦਾ ਕੋਈ ਮੌਕਾ ਵਿਦਿਆਰਥੀਆਂ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ।
ਅੱਜ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ, ਬਾਗਬਾਨੀ ਅਤੇ ਜੰਗਲਾਤ ਕਾਲਜ , ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ , ਬੇਸਿਕ ਸਾਇੰਸਜ਼ ਕਾਲਜ, ਕਮਿਊਨਿਟੀ ਸਾਇੰਸ ਕਾਲਜ ਅਤੇ ਬਾਹਰੀ ਸੰਸਥਾਵਾਂ ਦੇ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਯੁਵਕ ਮੇਲੇ ਦੇ ਦੂਜੇ ਦਿਨ ਫੋਟੋਗ੍ਰਾਫੀ ਵਿੱਚ ਬੇਸਿਕ ਸਾਇੰਸ ਕਾਲਜ ਦੀ ਈਸ਼ਾ , ਕਮਿਊਨਿਟੀ ਸਾਇੰਸ ਕਾਲਜ ਦੀ ਮੀਨਾ ਗੋਇਲ ਅਤੇ ਬਾਗਬਾਨੀ ਕਾਲਜ ਦੇ ਯਸ਼ਿਤ ਨੇ ਸਿਖ਼ਰਲੇ ਤਿੰਨ ਸਥਾਨ ਪ੍ਰਾਪਤ ਕੀਤੇ। ਕੋਲਾਜ ਬਣਾਉਣ ਵਿੱਚ ਪਹਿਲੀ ਥਾਂ ਖੇਤੀ ਇੰਜਨੀਅਰਿੰਗ ਕਾਲਜ ਦੀ ਜਸਨੂਰ ਕੌਰ, ਦੂਜਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਦੀ ਤੀਸ਼ਾ ਅਤੇ ਤੀਸਰਾ ਸਥਾਨ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਰੁਣ ਕਸ਼ਯਪ ਨੂੰ ਮਿਲਿਆ। ਰਚਨਾਤਮਕ ਲੇਖਣ (ਨਿਬੰਧ) ਵਿੱਚ ਤਰੁਣ ਕਪੂਰ ( ਖੇਤੀਬਾੜੀ ਕਾਲਜ) ਨੇ ਪਹਿਲਾ, ਰਵੀਸ਼ੰਕਰ ਕੁਮਾਰ (ਖੇਤੀ ਇੰਜ ਕਾਲਜ) ਨੇ ਦੂਜਾ ਅਤੇ ਗੁਰਸਿਮਰਨ ਸਿੰਘ (ਬਾਗਬਾਨੀ ਕਾਲਜ) ਨੇ ਤੀਜਾ ਸਥਾਨ, ਕਵਿਤਾ ਲੇਖਣ ਵਿੱਚ ਦਿਲਖੁਸ਼ਪ੍ਰੀਤ ਕੌਰ (ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ) ਨੇ ਪਹਿਲਾ, ਆਯੂਸ਼ (ਖੇਤੀਬਾੜੀ ਕਾਲਜ) ਨੇ ਦੂਜਾ ਅਤੇ ਨਵਰੀਤ ਕੌਰ (ਬੇਸਿਕ ਸਾਇੰਸਜ਼ ਕਾਲਜ) ਨੇ ਤੀਜਾ ਸਥਾਨ, ਕਹਾਣੀ ਲਿਖਣ ਦੇ ਮੁਕਾਬਲੇ ਵਿਚ ਆਰੀਅਨ ਸਰਦਾਨਾ (ਬੇਸਿਕ ਸਾਇੰਸਜ਼ ਕਾਲਜ) ਨੇ ਪਹਿਲਾ, ਹਰਮਨਜੋਤ ਸਿੰਘ (ਖੇਤੀਬਾੜੀ ਕਾਲਜ)ਨੇ ਦੂਜਾ ਅਤੇ ਪੁੰਨਿਆ ਸੂਦ (ਕਮਿਊਨਿਟੀ ਸਾਇੰਸ ਕਾਲਜ) ਨੇ ਤੀਜਾ ਇਨਾਮ ਪ੍ਰਾਪਤ ਕੀਤਾ।