ਸਤਵਿੰਦਰ ਬਸਰਾ
ਲੁਧਿਆਣਾ 19 ਨਵੰਬਰ
ਪੀਏਯੂ ਵਿੱਚ ਪਿਛਲੇ ਦਿਨੀਂ ਹੋਏ ਆਫ ਸਟੇਜ ਮੁਕਾਬਲਿਆਂ ਦੇ ਖਤਮ ਹੋਣ ਮਗਰੋਂ ਅੱਜ ਸਟੇਜੀ ਪੇਸ਼ਕਾਰੀਆਂ ਵਾਲਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਝਾਕੀਆਂ ਪੇਸ਼ ਕੀਤੀਆਂ। ਜਿਨ੍ਹਾਂ ਵਿੱਚ ਪੀਏਯੂ ਦੇ ਪੰਜ ਕਾਲਜਾਂ ਦੇ ਵਿਦਿਆਰਥੀਆਂ ਨੇ ਖੇਤੀ ਸਬੰਧੀ ਸਮੱਸਿਆਵਾਂ, ਸੱਭਿਆਚਾਰਕ ਪ੍ਰਦੂਸ਼ਣ, ਪ੍ਰਵਾਸ, ਵਾਤਾਵਰਣ ’ਚ ਵਿਗਾੜ, ਮਾਤ ਭਾਸ਼ਾ ’ਚ ਨਿਘਾਰ ਆਦਿ ਝਾਕੀਆਂ ਪੇਸ਼ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਸਮਾਗਮ ’ਚ ਵਿਧਾਇਕ ਮਦਨ ਲਾਲ ਬੱਗਾ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਇਸ ਨੂੰ ਸੁਰਜੀਤ ਕਰਨ ਲਈ ਸਾਡਾ ਸੱਭਿਆਚਾਰਕ ਵਿਰਸੇ ਨਾਲ ਜੁੜਨਾ ਲਾਜ਼ਮੀ ਹੈ। ਉਨ੍ਹਾਂ ਪੀਏਯੂ ਵੱਲੋਂ ਪੰਜਾਬੀ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਰਖ-ਰਖਾਵ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਨੂੰ ਪੰਜਾਬੀ ਵਿਰਸੇ ਦਾ ਗੜ੍ਹ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਚੁਣੌਤੀਆਂ ਨਾਲ ਲੜਨ ਦੀ ਸਮਰੱਥਾ ਹਾਸਲ ਕਰਨੀ ਹੋਵੇਗੀ ਅਤੇ ਇਸ ਦਿਸ਼ਾ ਵਿਚ ਖੇਤੀਬਾੜੀ ਵਿਗਿਆਨ ਅਤੇ ਸੱਭਿਆਚਾਰਕ ਵਿਰਸਾ ਦੋ ਬੁਨਿਆਦੀ ਪਿੱਲਰ ਬਣਨਗੇ। ਯੁਵਕ ਮੇਲਿਆਂ ਵਿਚ ਅਸਲੀ ਪੰਜਾਬ ਦੀ ਧੜਕਣ ਮਹਿਸੂਸ ਕਰਨ ਦੀ ਗੱਲ ਕਰਕੇ ਸ੍ਰੀ ਖੁੱਡੀਆ ਨੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਜਿੱਤ ਦੀ ਕਾਮਨਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਇਸ ਯੁਵਕ ਮੇਲੇ ਦਾ ਪਹਿਲਾ ਪੜਾਅ ਬੇਹੱਦ ਸਫਲਤਾ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨਾਲ ਨੇਪਰੇ ਚੜ੍ਹਿਆ ਹੈ। ਦੂਜੇ ਪੜਾਅ ਵਿਚ ਗੀਤ-ਸੰਗੀਤ, ਲੋਕ ਨਾਚ, ਨਾਟ-ਵੰਨਗੀਆਂ ਆਦਿ ਪੇਸ਼ ਕੀਤੀਆਂ ਜਾਣਗੀਆਂ। ਵਾਈਸ ਚਾਂਸਲਰ ਨੇ ਦੱਸਿਆ ਕਿ ਯੁਵਕ ਮੇਲੇ ਵਿਚ 48 ਮੁਕਾਬਲਿਆਂ ਵਿਚ 500 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਯੁਵਕ ਮੇਲਾ ਪੀ.ਏ.ਯੂ. ਦੀ ਪਛਾਣ ਨੂੰ ਦੇਸ਼-ਵਿਦੇਸ਼ ਵਿਚ ਫੈਲਾਅ ਰਿਹਾ ਹੈ। ਅੰਤ ਵਿੱਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਧੰਨਵਾਦ ਕੀਤਾ। ਡਾ. ਆਸ਼ੂ ਤੂਰ ਨੇ ਮੰਚ ਸੰਚਾਲਨ ਕੀਤਾ।