ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਨਵੰਬਰ
ਪੀਏਯੂ ਵੱਲੋਂ ਤਿਆਰ ਕੀਤੇ ਗਏ ਗਲੂਟਨ ਮੁਕਤ ਆਟੇ ਤੇ ਭੋਜਨ ਉਤਪਾਦਾਂ ਨੂੰ ਪੇਟੈਂਟ ਹਾਸਲ ਹੋ ਗਿਆ ਹੈ। ਇਸ ਖੋਜ ਵਿੱਚ ਵਿਸ਼ੇਸ਼ ਤੌਰ ’ਤੇ ਗਲੂਟਨ ਮੁਕਤ ਬਹੁ ਅਨਾਜੀ ਆਟੇ ਤੋਂ ਬਰੈੱਡ ਬਣਾਉਣ ਦੀ ਤਕਨੀਕ ਸ਼ਾਮਲ ਹੈ। ਖੋਜ ਕਰਨ ਵਾਲੀ ਵਿਗਿਆਨੀਆਂ ਦੀ ਟੀਮ ’ਚ ਸੇਵਾਮੁਕਤ ਭੋਜਨ ਮਾਹਰ ਡਾ. ਅਮਰਜੀਤ ਕੌਰ, ਭੋਜਨ ਵਿਗਿਆਨੀ ਡਾ. ਪੂਨਮ ਸਚਦੇਵ ਤੇ ਡਾ. ਅਕਾਂਕਸ਼ਾਂ ਪਾਹਵਾ ਸ਼ਾਮਲ ਹਨ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਪ੍ਰਾਪਤੀ ਲਈ ਸਬੰਧਤ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਯੁੱਗ ਦੀਆਂ ਮੰਗਾਂ ਅਨੁਸਾਰ ਭੋਜਨ ਉਤਪਾਦਾਂ ਦੀ ਖੋਜ ਬੜੀ ਲਾਜ਼ਮੀ ਹੈ ਤੇ ਇਨ੍ਹਾਂ ਮਾਹਰਾਂ ਨੇ ਇਹ ਕੰਮ ਬਾਖੂਬੀ ਕੀਤਾ ਹੈ। ਡਾ. ਪੂਨਮ ਸਚਦੇਵ ਨੇ ਕਿਹਾ ਕਿ ਇਹ ਆਟਾ ਗਲੂਟਨ ਪ੍ਰਤੀ ਅਸਹਿਣਸ਼ੀਲ ਤੇ ਸੈਲੀਏਕ ਬਿਮਾਰੀ ਤੋਂ ਪੀੜਤ ਲੋਕਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਬਿਮਾਰੀ ਵਿਚ ਮਰੀਜ਼ ਨੂੰ ਸਾਰੀ ਉਮਰ ਲਈ ਗਲੂਟਨ ਮੁਕਤ ਭੋਜਨ ਖਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗਲੂਟਨ ਪ੍ਰਤੀ ਸਹਿਣਸ਼ੀਲ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਅਨਾਜ ਵਜੋਂ ਕਣਕ, ਜੌਂਅ ਦੀ ਮਨਾਹੀ ਹੁੰਦੀ ਹੈ। ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨ ਨੇ ਕਿਹਾ ਕਿ ’ਵਰਸਿਟੀ ਦਾ ਧਿਆਨ ਮੰਡੀ ਦੀਆਂ ਲੋੜਾਂ ਅਨੁਸਾਰ ਉਤਪਾਦ ਦੀ ਖੋਜ ਵੱਲ ਹੈ।