ਸਤਵਿੰਦਰ ਬਸਰਾ
ਲੁਧਿਆਣਾ, 14 ਫਰਵਰੀ
ਜ਼ਿਲ੍ਹੇ ਵਿੱਚ ਅੱਜ ਨਗਰ ਕੌਂਸਲ ਚੋਣਾਂ ’ਚ 70.33 ਫੀਸਦ ਵੋਟਾਂ ਪਈਆਂ। ਇਨ੍ਹਾਂ ਵਿੱਚ ਨਗਰ ਕੌਂਸਲ/ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਖੰਨਾ, ਜਗਰਾਉਂ, ਸਮਰਾਲਾ, ਦੋਰਾਹਾ, ਰਾਏਕੋਟ, ਪਾਇਲ ਅਤੇ ਜ਼ਿਮਨੀ ਚੋਣਾਂ ਮੁੱਲਾਪੁਰ ਦਾਖਾ ਦੇ ਵਾਰਡ ਨੰਬਰ-8 (ਜਨਰਲ) ਅਤੇ ਸਾਹਨੇਵਾਲ ਵਾਰਡ ਨੰਬਰ 6 ਆਦਿ ਸ਼ਾਮਲ ਸਨ। ਇਨ੍ਹਾਂ ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੋਲਿੰਗ ਬੂਥਾਂ ’ਤੇ ਲੋਕਾਂ ਦੀਆਂ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਵੋਟਾਂ ਸਵੇਰੇ 8 ਵਜੇ ਪੈਣੀਆਂ ਸ਼ੁਰੂ ਹੋਈਆਂ ਅਤੇ ਦੁਪਹਿਰ ਬਾਅਦ 4 ਵਜੇ ਤੱਕ ਖਤਮ ਹੋ ਗਈਆਂ। ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 70.33 ਫੀਸਦ ਵੋਟਾਂ ਪਈਆਂ ਜਦਕਿ ਖੰਨਾ ਵਿਚ 68.72 ਫੀਸਦ ਵੋਟਰਾਂ ਨੇ ਆਪਣੀਆਂ ਵੋਟਾਂ ਪੋਲ ਕੀਤੀਆਂ, ਜਗਰਾਉਂ ਵਿੱਚ 68.47 ਫੀਸਦ, ਸਮਰਾਲਾ ਵਿਚ 73.96 ਫੀਸਦ, ਰਾਏਕੋਟ ਵਿਚ 74.80 ਫੀਸਦ, ਦੋਰਾਹਾ ਵਿਚ 74.43 ਫੀਸਦ, ਪਾਇਲ ਵਿਚ ਸਭ ਤੋਂ ਵੱਧ 83.09 ਫੀਸਦ, ਮੁੱਲਾਂਪੁਰ ਵਿਚ 68.50 ਫੀਸਦ ਅਤੇ ਸਾਹਨੇਵਾਲ ਵਿੱਚ 61.16 ਫੀਸਦ ਵੋਟਾਂ ਪਾਈਆਂ ਗਈਆਂ। ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਚੋਣ ਅਮਲੇ ਨੂੰ ਇਨ੍ਹਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ।
ਸਮਰਾਲਾ (ਡੀ.ਪੀ.ਐੱਸ ਬੱਤਰਾ): ਸਥਾਨਕ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਸਿਲਸਲਾ ਸ਼ੁਰੂ ਹੋਇਆ। ਸਵੇਰੇ-ਸਵੇਰੇ ਹੀ ਵੋਟਰਾਂ ਦੀਆਂ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਸਮਰਾਲਾ ਦੇ 15 ਵਾਰਡਾਂ ਲਈ ਹੋਈ 73.94 ਫ਼ੀਸਦ ਵੋਟਿੰਗ ਨਾਲ ਅੱਜ ਕੁੱਲ 50 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ਵਿੱਚ ਬੰਦ ਹੋ ਚੁੱਕੀ ਹੈ। ਹੁਣ 17 ਫਰਵਰੀ ਨੂੰ ਨਤੀਜੇ ਸਾਹਮਣੇ ਆਉਣ ’ਤੇ ਪਤਾ ਚੱਲੇਗਾ ਕਿ ਇਸ ਵਾਰ ਸ਼ਹਿਰ ਦੇ ਵੋਟਰਾਂ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ‘ਤਾਜ’ ਕਿਸ ਪਾਰਟੀ ਦੇ ਸਿਰ ਸਜਾਇਆ ਹੈ। ਸ਼ਹਿਰ ਦੇ 15 ਵਾਰਡਾਂ ਲਈ ਕੁੱਲ 16 ਹਜ਼ਾਰ 492 ਵੋਟਰਾਂ ਲਈ ਪ੍ਰਸ਼ਾਸਨ ਵੱਲੋਂ 22 ਪੋਲਿੰਗ ਬੂਥ ਬਣਾਏ ਗਏ ਸਨ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਵਿੱਚ 48,864 ਵੋਟਰਾਂ ਵਿਚੋਂ 31,650 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਸ਼ਹਿਰ ਦੇ 23 ਵਾਰਡਾਂ ਵਿਚੋਂ ਅੱਜ 22 ਵਾਰਡਾਂ ਲਈ 96 ਉਮੀਦਵਾਰ ਚੋਣ ਮੈਦਾਨ ’ਚ ਸਨ। ਇੱਕ ਵਾਰਡ ਵਿੱਚੋਂ ਕਾਂਗਰਸ ਦਾ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 67.54 ਫ਼ੀਸਦ ਵੋਟ ਪੋਲ ਹੋਈ ਹੈ। ਭਾਂਵੇ 17 ਵਾਰਡਾਂ ਨੂੰ ਅਤਿ-ਸੰਵੇਦਨਸ਼ੀਲ ਅਤੇ 5 ਵਾਰਡਾਂ ਨੂੰ ਸੰਵੇਦਨਸ਼ੀਲ ਜ਼ੋਨ ਐਲਾਨਿਆ ਗਿਆ ਸੀ, ਪਰ ਸਾਰੇ ਵਾਰਡਾਂ, ਬੂਥਾਂ ਤੋਂ ਕੋਈ ਵੀ ਖਿੱਚੋਤਾਣ ਦੀ ਵੱਡੀ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 17 ’ਚ ਸ਼ਾਮ ਨੂੰ ਸਮਾਪਤੀ ਵੇਲੇ ਥੋੜ੍ਹਾ ਬਹੁਤ ਤਕਰਾਰ ਹੋਇਆ ਜਿਸ ਨੂੰ ਪੁਲੀਸ ਨੇ ਸੁੂਝ ਨਾਲ ਸ਼ਾਂਤ ਕਰ ਲਿਆ।
ਵੋਟ ਪਾ ਕੇ ਘਰ ਪਰਤੇ ਵਿਅਕਤੀ ਦੀ ਮੌਤ
ਰਾਏਕੋਟ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ 5 ’ਚ ਆਪਣੀ ਵੋਟ ਪਾ ਕੇ ਘਰ ਪਰਤੇ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾਪਲ ਉਰਫ ਰਾਜਾ ਹਲਵਾਈ (55) ਸਾਲ ਪੁੱਤਰ ਮੋਹਣ ਲਾਲ, ਜੋ ਅੱਜ ਸਵੇਰੇ ਵਾਰਡ ਨੰਬਰ 5 ਦੇ ਨਗਰ ਕੌਂਸਲ ਦਫਤਰ ’ਚ ਸਥਿਤ ਪੋਲਿੰਗ ਬੂਥ ਦੇ ਵੋਟ ਪਾ ਕੇ ਘਰ ਪਰਤਿਆ, ਜਦੋਂ ਉਹ ਹੱਥ ਧੋ ਕੇ ਰੋਟੀ ਖਾਣ ਲੱਗਾ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਕਾਰਨ ਉਹ ਡਿੱਗ ਪਿਆ ਤੇ ਉਸ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਲਕਾ ਪਾਇਲ ਵਿੱਚ ਸਭ ਤੋਂ ਵੱਧ 83.09 ਫੀਸਦ ਵੋਟਿੰਗ
ਪਾਇਲ (ਦੇਵਿੰਦਰ ਸਿੰਘ ਜੱਗੀ): ਨਗਰ ਕੌਂਸਲ ਪਾਇਲ ਦੇ 11 ਵਾਰਡਾਂ ਵਿੱਚ 38 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਸ ਵਿੱਚ ਕਾਂਗਰਸ ਦੇ 11, ‘ਆਪ’ ਦੇ 11, ਅਕਾਲੀ ਦਲ ਦੇ 5, ਬਸਪਾ ਦੇ 3 ਅਤੇ 8 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸ਼ਹਿਰ ਵਿੱਚ ਇਸ ਵਾਰ 83.09 ਫ਼ੀਸਦ ਹੋਈ ਵੋਟਿੰਗ ਇਹ ਗੱਲ ਦਰਸਾ ਰਹੀ ਹੈ ਕਿ ਵੋਟਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਚੋਣਾਂ ਵਿੱਚ ਹਿੱਸਾ ਲਿਆ ਗਿਆ ਹੈ। ਇੱਕਾ-ਦੁੱਕਾ ਪੋਲਿੰਗ ਬੂਥਾਂ ‘ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਹੋਈ ਅਤੇ ਬਾਕੀ ਪੋਲਿੰਗ ਬੂਥਾਂ ‘ਤੇ ਅਮਨ- ਅਮਾਨ ਨਾਲ ਚੋਣ ਹੋਈ। ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਪਣੇ ਪਰਿਵਾਰ ਸਮੇਤ ਬੂਥ ਨੰਬਰ 2 ‘ਤੇ ਮਤਦਾਨ ਕੀਤਾ।
ਵਿਧਾਇਕ ਢਿੱਲੋਂ ਦੀ ਨੂੰਹ ਤੇ ਪੋਤੇ ਦੀ ਕਿਸਮਤ ਦਾਅ ’ਤੇ
ਸਮਰਾਲਾ (ਪੱਤਰ ਪ੍ਰੇਰਕ): ਸਮਰਾਲਾ ਨਗਰ ਕੌਂਸਲ ਚੋਣਾਂ ਲਈ ਇਸ ਵਾਰ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਨੂੰਹ ਅ੍ਰਮਿਤਪਾਲ ਕੌਰ ਢਿੱਲੋਂ ਸ਼ਹਿਰ ਦੇ ਵਾਰਡ ਨੰਬਰ 1 ਤੋਂ ਅਤੇ ਵਿਧਾਇਕ ਦਾ ਪੋਤਾ ਕਰਨਵੀਰ ਸਿੰਘ ਢਿੱਲੋਂ ਵਾਰਡ ਨੰਬਰ 10 ਤੋਂ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਦੋਵਾਂ ਦੀ ਹੀ ਕਿਸਮਤ ਦਾ ਫੈਸਲਾ 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਉਪਰੰਤ ਤੈਅ ਹੋਵੇਗਾ ਅਤੇ ਇਨ੍ਹਾਂ ਦੀ ਜਿੱਤ ਨਾਲ ਢਿੱਲੋਂ ਪਰਿਵਾਰ ਦੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਜੇਤੂ ਜ਼ਮੀਨ ਤਿਆਰ ਹੋਵੇਗੀ। ਇਸੇ ਤਰ੍ਹਾਂ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੇ ਅਤਿ ਨਜ਼ਦੀਕੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਮਾਲਵਾ ਵਾਰਡ ਨੰਬਰ 6 ਤੋਂ ਅਤੇ ਅਕਾਲੀ ਦੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਦੀ ਚਾਚੀ ਸਾਬਕਾ ਕੌਂਸਲਰ ਤੇਜਿੰਦਰ ਕੌਰ ਢਿੱਲੋਂ ਵੱਲੋਂ ਵਾਰਡ ਨੰਬਰ 3 ਤੋਂ ਚੋਣ ਲੜੀ ਗਈ ਹੈ। ਇਨ੍ਹਾਂ ਦੀ ਜਿੱਤ-ਹਾਰ ਵੀ ਭਵਿੱਖ ਦੀ ਰਾਜਨੀਤੀ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਰਾਏਕੋਟ ’ਚ 73.86 ਫ਼ੀਸਦ ਵੋਟਾਂ ਪਈਆਂ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਨਗਰ ਕੌਂਸਲ ਰਾਏਕੋਟ ਲਈ ਹੋਈਆਂ ਚੋਣਾਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੇ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਇਸ ਸਬੰਧੀ ਐੱਸ.ਡੀ.ਐੱਮ./ਕਮ-ਰਿਟਰਨਿੰਗ ਅਫਸਰ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਸ਼ਹਿਰ ਦੇ 15 ਵਾਰਡਾਂ ਤੋਂ ਕੁੱਲ 57 ਉਮੀਦਵਾਰ ਚੋਣ ਮੈਦਾਨ ’ਚ ਸਨ। ਸ਼ਹਿਰ ਦੀਆਂ ਕੁੱਲ 20859 ਵੋਟਾਂ ਹਨ, ਜਿਸ ਵਿੱਚੋਂ 73.86 ਫ਼ੀਸਦ ਵੋਟਾਂ ਪਈਆਂ ਹਨ। ਇਸ ਦੌਰਾਨ ਉਨ੍ਹਾਂ ਲੋਕਾਂ ਦਾ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਚੋਣ ਪ੍ਰਕਿਰਿਆ ਕਾਫ਼ੀ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹੀ ਹੈ।