ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜਨਵਰੀ
ਥਾਣਾ ਦਰੇਸੀ ਦੇ ਇਲਾਕੇ ਸੇਖੇਵਾਲ ਗੇਟ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਗਗਨਦੀਪ ਕਲੋਨੀ ਕਾਕੋਵਾਲ ਰੋਡ ਵਾਸੀ ਅਸ਼ਰਫੀ ਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਜੰਤਰੀ ਪ੍ਰਸਾਦ (46 ਸਾਲ) ਸੇਖੇਵਾਲ ਗੇਟ ਤੋਂ ਮੇਨ ਜੀਟੀ ਰੋਡ ਵੱਲ ਜਾਂਦਾ ਹੋਇਆ ਪੈਦਲ ਹੀ ਸੜਕ ਪਾਰ ਕਰਨ ਲੱਗਾ ਤਾਂ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਲਹੂ ਲੁਹਾਨ ਹਾਲਤ ਵਿੱਚ ਇਲਾਜ ਲਈ ਸੈਕਟਰ-32 ਹਸਪਤਾਲ ਚੰਡੀਗੜ੍ਹ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।