ਸਤਵਿੰਦਰ ਬਸਰਾ
ਲੁਧਿਆਣਾ, 20 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਵੱਲੋਂ ਜਾਰੀ ਹੜਤਾਲ ਦੇ ਅੱਜ 11ਵੇਂ ਦਿਨ ਪੀਡਬਲਯੂਡੀ ਕੰਪਲੈਕਸ ਵਿੱਚ ਧਰਨਾ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 34 ਤੋਂ ਵੱਧ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ।
ਧਰਨੇ ਵਿੱਚ ਪੀਡਬਲਿਯੂਡੀ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਮਿਤ ਅਰੋੜਾ ਦੀ ਅਗਵਾਈ ਵਿੱਚ ਪੀਡਬਲਿਯੂਡੀ ਜੁਆਇੰਟ ਐਕਸ਼ਨ ਕਮੇਟੀ (ਕਲੈਰੀਕਲ, ਇੰਜੀਨੀਅਰ, ਡਰਾਇੰਗ ਕੇਡਰ) ਦੇ ਅਹੁਦੇਦਾਰਾਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਕਮੇਟੀ ਵਿੱਚ ਡਿਪਲੋਮਾਂ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਲੋਹਟ, ਮੋਹਣ ਸਿੰਘ ਸਹੋਤਾ ਅਤੇ ਡਰਾਇੰਗ ਕੇਡਰ ਪੰਜਾਬ ਤੋਂ ਹਰਜਿੰਦਰ ਪਾਲ ਅਤੇ ਜੰਗ ਜਸਬੀਰ ਸਿੰਘ ਗਿੱਲ ਨੇ ਸੰਬੋਧਤ ਕੀਤਾ। ਇਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਲੁਧਿਆਣਾ ਪੱਛਮੀ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਸ਼ਿਰਕਤ ਕੀਤੀ।
ਉਨ੍ਹਾਂ ਮੰਨਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਉਨ੍ਹਾਂ ਭਰੋਸਾ ਵੀ ਭਰੋਸਾ ਦਿੱਤਾ ਕਿ ਜਲਦੀ ਜਥੇਬੰਦੀ ਦੇ ਪੰਜ ਨੁਮਾਇੰਦਿਆਂ ਦੇ ਵਫ਼ਦ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਈ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮਨਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਇਸ ਮਸਲੇ ਦਾ ਜਲਦੀ ਹੱਲ ਹੋਣਾ ਚਾਹੀਦਾ ਹੈ। ਇਸ ਦੌਰਾਨ ਪੀਐੱਸਐੱਮਐੱਸਯੂ ਲੁਧਿਆਣਾ ਦੀ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਦੀ ਅਗਵਾਈ ਹੇਠ ਲਖਵੀਰ ਸਿੰਘ ਗਰੇਵਾਲ ਜਨਰਲ ਸਕੱਤਰ, ਸੁਨੀਲ ਕੁਮਾਰ ਵਿੱਤ ਸਕੱਤਰ, ਸੰਦੀਪ ਭੁੰਬਕ ਸੀਨੀਅਰ ਮੀਤ ਪ੍ਰਧਾਨ, ਵਿਜੈ ਮਰਜਾਰਾ ਨੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੌਂਪਿਆ। ਦੱਸਣਯੋਗ ਹੈ ਕਿ ਇਹ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਬਹਾਲ ਕਰਨ, ਪੇਅ ਕਮਿਸ਼ਨ ਅਨੁਸਾਰ ਬਣਦੇ ਬਕਾਏ ਅਤੇ ਪੇਅ ਕਮਿਸ਼ਨ ਦੀਆਂ ਕਮੀਆਂ ਨੂੰ ਦੂਰ ਕਰਕੇ ਸੋਧਿਆ ਹੋਇਆ ਪੇਅ ਕਮਿਸ਼ਨ ਜਾਰੀ ਕਰਨ, ਪਿਛਲੇ ਲੰਮੇ ਸਮੇਂ ਤੋਂ ਬਕਾਇਆ ਪਿਛਲੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ ਕਰ ਰਹੇ ਹਨ।