ਪੱਤਰ ਪ੍ਰੇਰਕ
ਦੋਰਾਹਾ, 25 ਅਕਤੂਬਰ
ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਿਚ ਸਰਕਾਰ ਖ਼ਿਲਾਫ਼ ਰੋਸ ਵਧ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਕੌਸ਼ਲ ਅਤੇ ਰਣਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਡੀ.ਏ ਦੀਆਂ ਤਿੰਨ ਕਿਸ਼ਤਾਂ, ਇਕ ਜੁਲਾਈ 2021 ਤੋਂ 3 ਪ੍ਰਤੀਸ਼ਤ ਅਤੇ ਦੂਜੀ ਜਨਵਰੀ 2022 ਤੋਂ 3 ਪ੍ਰਤੀਸ਼ਤ ਅਤੇ ਤੀਜੀ ਜੁਲਾਈ 2022 ਤੋਂ 4 ਪ੍ਰਤੀਸ਼ਤ ਬਕਾਇਆ ਬਣਦੀ ਸੀ ਪਰ ਛੇ ਮਹੀਨੇ ਦੇ ਸੰਘਰਸ਼ ਉਪਰੰਤ ਸਰਕਾਰ ਨੇ ਅਕਤੂਬਰ 2022 ਤੋਂ 6 ਪ੍ਰਤੀਸ਼ਤ ਡੀ.ਏ ਦੇ ਕੇ ਇਸ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਦੀਵਾਲੀ ਦਾ ਵੱਡਾ ਤੋਹਫਾ ਦੱਸਿਆ ਸੀ ਜੋ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ, ਹਿਮਾਚਲ ਪ੍ਰਦੇਸ਼ ਸਰਕਾਰ, ਰਾਜਸਥਾਨ ਤੇ ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ ਆਪਣੇ ਪੈਨਸ਼ਨਰਾਂ ਨੂੰ 10 ਪ੍ਰਤੀਸ਼ਤ ਡੀ.ਏ ਦੀਆਂ ਕਿਸ਼ਤਾਂ ਦੇ ਚੁੱਕੇ ਹਨ, ਇਨ੍ਹਾਂ ਸਾਰਿਆਂ ਨੂੰ ਕੁੱਲ 38 ਪ੍ਰਤੀਸ਼ਤ ਡੀਏ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ 34 ਪ੍ਰਤੀਸ਼ਤ ਲੈ ਰਹੇ ਹਨ। ਪੈਨਸ਼ਨਰਜ਼ ਜੁਆਇੰਟ ਫਰੰਟ ਨਾਲ ਕੀਤੀ ਮੀਟਿੰਗ ਵਿਚ ਕੀਤੇ ਵਾਅਦੇ ਅਨੁਸਾਰ 2.59 ਗੁਣਾਂਕ ਨਾਲ ਪੈਨਸ਼ਨਾਂ ਵਿਚ ਸੋਧ ਕਰਨ ਦੀ ਮਦ ਉੱਪਰ ਮੰਤਰੀ ਮੰਡਲ ਵਿਚ ਵਿਚਾਰ ਤੱਕ ਨਾ ਕਰਨਾ ਅਤਿ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇ ਪੈਟਰਨ ਮੁਤਾਬਿਕ ਅਕਤੂਬਰ ਦੀ ਥਾਂ 7/21 ਤੇ 7/22 ਤੋਂ ਡੀਏ ਦੀਆਂ ਕਿਸ਼ਤਾਂ ਸਮੇਤ ਬਕਾਏ ਦੇਣ ਲਈ ਸੋਧਿਆ ਪੱਤਰ ਜਾਰੀ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਬਣਦੀ ਰਾਸ਼ੀ ਤੁਰੰਤ ਅਦਾ ਕਰੇ।